ਵਿਸ਼ੇਸ ਸਕੱਤਰ ਖੇਤੀਬਾੜੀ ਵੱਲੋਂ ਕਸਟਮ ਹਾਇਰਿੰਗ ਸੈਂਟਰ ਪਿੰਡ ਬਦਰ ਪੁਰ ਦਾ ਦੌਰਾ
ਐਸ.ਏ. ਐਸ ਨਗਰ :
ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਸਾਲ 2023 ਦੌਰਾਨ ਕਰੋਪ ਰੈਜੀਡਿਊ ਮੈਨੇਜਮੈਂਟ ਸਕੀਮ ਅਧੀਨ ਵੱਖ ਵੱਖ ਮਸ਼ੀਨਰੀ ਦੀ ਵਰਤੋਂ ਹੋ ਰਹੀ ਹੈ। ਰਾਕੇਸ ਰੰਜਨ ਆਈ.ਏ.ਐਸ ਵਿਸ਼ੇਸ ਸਕੱਤਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਭਾਰਤ ਸਰਕਾਰ ਵੱਲੋਂ ਜ਼ਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਵਿਖੇ ਕੰਮ ਕਰ ਰਹੇ ਕਸਟਮ ਹਾਇਰਿੰਗ ਸੈਂਟਰ ਪਿੰਡ ਬਦਰ ਪੁਰ ਬਲਾਕ ਖਰੜ ਦੀਆਂ ਮਸ਼ੀਨਾਂ ਦੀ ਕਾਰਗੁਜਾਰੀ ਵੇਖਣ ਲਈ ਸੰਯੁਕਤ ਡਾਇਰੈਕਟਰ ਖੇਤੀਬਾੜੀ (ਇੰਜੀ.) ਦੀ ਹਾਜਰੀ ਵਿੱਚ ਦੌਰਾ ਕੀਤਾ ਗਿਆ।
ਇਸ ਕਸਟਮ ਹਾਇਰਿੰਗ ਸੈਂਟਰ ਦੇ ਮੈਂਬਰਾਂ ਅਤੇ ਨੇੜੇ ਦੇ ਪਿੰਡਾਂ ਦੇ ਕਿਸਾਨਾਂ ਵੱਲੋਂ ਪਰਾਲੀ ਦੀ ਸਾਂਭ ਸੰਭਾਲ ਲਈ ਵਰਤੀ ਜਾ ਰਹੀ ਮਸ਼ੀਨਰੀ ਦੀ ਵਰਤੋਂ ਦਾ ਖੇਤਾਂ ਵਿੱਚ ਜਾ ਕੇ ਮੁਆਇੰਨਾ ਕੀਤਾ ਗਿਆ।
ਮੁੱਖ ਖੇਤੀਬਾੜੀ ਅਫਸਰ ਡਾ. ਗੁਰਮੇਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਸਾਲ 2023 ਦੌਰਾਨ ਕੁੱਲ 406 ਮਸ਼ੀਨਾਂ ਲਈ ਅਰਜੀਆਂ ਪ੍ਰਾਪਤ ਹੋਈਆਂ ਸਨ ਅਤੇ ਪ੍ਰਾਪਤ ਟੀਚਿਆਂ ਅਨੁਸਾਰ 221 ਮਸ਼ੀਨਾਂ ਦੀ ਖ੍ਰੀਦ ਕੀਤੀ ਗਈ ਹੈ ਅਤੇ ਮਿਤੀ 01.12.2023 ਨੂੰ ਬਲਾਕ ਪੱਧਰ ਤੇ ਇਨ੍ਹਾਂ ਮਸ਼ੀਨਾਂ ਦੀ ਆਨਲਾਇਨ ਵੈਰੀਫਿਕੇਸ਼ਨ ਕਰਕੇ ਬਣਦੀ ਸਬਸਿਡੀ ਜਲਦ ਤੋਂ ਜਲਦ ਕਿਸਾਨਾਂ ਦੇ ਖਾਤਿਆਂ ਵਿੱਚ ਪਾਈ ਜਾ ਰਹੀ ਹੈ।
ਭੁਪਿੰਦਰ ਸਿੰਘ ਮੈਂਬਰ ਕਸਟਮ ਹਾਇਰਿੰਗ ਸੈਂਟਰ ਸ਼੍ਰੀ ਧੰਨਾ ਭਗਤ ਫਾਰਮਰ ਕਲੱਬ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਦੇ ਕੇਂਦਰ ਵੱਲੋਂ ਸਰਫੇਸ ਸੀਡਰ, ਉਲਟਾਵਾਂ ਹੱਲ, ਰੋਟਾਵੇਟਰ, ਜੀਰੋ ਟਿੱਲ ਡਰਿੱਲ, ਹਾਈਡਰੋਲਿਕ ਡਿਸਕ ਦੀ ਵਰਤੋਂ ਕਰਦੇ ਹੋਏ ਸਮੂਹ ਮੈਂਬਰਾਂ ਅਤੇ ਨੇੜੇ ਦੇ ਪਿੰਡਾਂ ਦੇ ਕਿਸਾਨਾਂ ਦੇ ਖੇਤਾਂ ਵਿੱਚ ਪਰਾਲੀ ਦੀ ਬਿਨਾਂ ਕਿਸੇ ਕਿਰਾਏ ਦੇ ਸੰਭਾਲ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਮੰਗ ਕੀਤੀ ਕਿ ਇਨਾਂ ਮਸ਼ੀਨਾਂ ਨੂੰ ਚਲਾਉਣ ਲਈ 65 ਤੋਂ 70 ਹਾਰਸਪਾਵਰ ਟਰੈਕਟਰਾਂ ਦੀ ਲੋੜ ਹੁੰਦੀ ਹੈ। ਇਸ ਲਈ ਮਸ਼ੀਨਰੀ ਸਬੰਧੀ ਸਕੀਮਾਂ ਅਧੀਨ ਇਹ ਟਰੈਕਟਰ ਕਿਸਾਨਾਂ ਨੂੰ ਸਰਕਾਰ ਵੱਲੋਂ ਮੁਹੱਈਆ ਕਰਵਾਉਣ ਲਈ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਕਣਕ ਦੀ ਬਿਜਾਈ ਲਈ ਸੁਪਰ ਸੀਡਰ ਮਸ਼ੀਨ ਕਿਸਾਨਾਂ ਵੱਲੋਂ ਪਹਿਲ ਦੇ ਆਧਾਰ ਤੇ ਵਰਤੀ ਜਾ ਰਹੀ ਹੈ ਪ੍ਰੰਤੂ ਖੇਤੀਬਾੜੀ ਵਿਭਾਗ ਵੱਲੋਂ ਫੰਡਜ ਦੀ ਘਾਟ ਹੋਣ ਕਾਰਨ ਮੰਗ ਅਨੁਸਾਰ ਮਸ਼ੀਨਾਂ ਕਿਸਾਨਾਂ ਨੂੰ ਨਹੀਂ ਪ੍ਰਾਪਤ ਹੋ ਰਹੀਆਂ। ਇਸ ਲਈ ਮਸ਼ੀਨੀ ਦੀ ਮੰਗ ਅਨੁਸਾਰ ਫੰਡ ਦੇਣ ਲਈ ਵੀ ਸਰਕਾਰ ਨੂੰ ਬੇਨਤੀ ਕੀਤੀ।
ਇਸ ਮੌਕੇ ਤੇ ਖੇਤੀਬਾੜੀ ਵਿਕਾਸ ਅਫਸਰ ਡਾ. ਗੁਰਦਿਆਲ ਕੁਮਾਰ, ਡਾ. ਜਸਵਿੰਦਰ ਸਿੰਘ, ਡਾ. ਗੁਰਪ੍ਰੀਤ ਸਿੰਘ, ਖੇਤੀਬਾੜੀ ਵਿਸਥਾਰ ਅਫਸਰ ਡਾ. ਅਜੈ ਕੁਮਾਰ , ਡਾ. ਸੁੱਚਾ ਸਿੰਘ ਸਿੱਧੂ ਅਤੇ ਬਦਰਪੁਰ ਤੇ ਨੇੜੇ ਦੇ ਪਿੰਡਾਂ ਦੇ ਅਗਾਂਹਵਧੂ ਕਿਸਾਨ ਹਾਜਰ ਸਨ।