ਕਿਹਾ ਕਿ ਦਿੱਲੀ ਵਿਚ ਬੈਠੇ ਸਿੱਖ ਵਿਰੋਧੀ ਤੱਤ ਪੰਜਾਬ ਸਰਕਾਰ ਨੂੰ ਵਰਤ ਕੇ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ ਤੇ ਇਸਦਾ ਦੋਸ਼ ਸਿੱਖਾਂ ਸਿਰ ਮੜ੍ਹਨਗੇ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਅਕਾਲ ਬੁੰਗਾ ਵਿਖੇ ਹੋਏ ਖੂਨਖਰਾਬੇ ਤੇ ਗੁਰੂ ਘਰ ਵਿਚ ਪੁਲਿਸ ਪ੍ਰਵੇਸ਼ ਨਾਲ ਹੋਈ ਬੇਅਦਬੀ ਲਈ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਪੁਲਿਸ ਨੇ ਸਿੱਧਾ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੇ ਹੁਕਮਾਂ ਮੁਤਾਬਕ ਕਾਰਵਾਈ ਕੀਤੀ ਤੇ ਜੇਕਰ ਸਿਆਸਣਪ ਤੇ ਸੂਝਬੂਝ ਨਾਲ ਮਾਮਲਾ ਸੰਭਾਲਿਆ ਹੁੰਦਾ ਤਾਂ ਖੂਨ ਖਰਾਬਾ ਬਚ ਸਕਦਾ ਸੀ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਦੇ ਹੱਥ ਖੂਨ ਨਾਲ ਰੰਗੇ ਹਨ ਤੇ ਉਹਨਾਂ ਨੂੰ ਇਸ ਖੂਨ ਖਰਾਬੇ ਤੇ ਉਥੇ ਹੋਈ ਮੌਤ ਲਈ ਪ੍ਰਸ਼ਾਸਕੀ, ਸਿਆਸੀ ਤੇ ਨੈਤਿਕ ਜ਼ਿੰਮੇਵਾਰੀ ਚੁੱਕਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਸਭ ਤੋਂ ਸਪਸ਼ਟ ਤੌਰ ’ਤੇ ਬਚਿਆ ਜਾ ਸਕਦਾ ਸੀ।
ਸਰਦਾਰ ਬਾਦਲ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਪ੍ਰਤੀਨਿਧ ਤੇ ਪ੍ਰਸ਼ਾਸਨ ਦੱਸੇ ਕਿ ਉਸਨੇ ਮਾਹੌਲ ਹਿੰਸਕ ਹੋਣ ਤੋਂ ਰੋਕਣ ਲਈ ਅਹਿਤਿਆਤ ਵਜੋਂ ਕੀ ਕਦਮ ਚੁੱਕੇ ਸਨ ? ਉਹਨਾਂਕਿਹਾ ਕਿ ਉਹ ਸਿਰਫ ਉਥੇ ਖੂਨ ਖਰਾਬਾ ਚਾਹੁੰਦੇ ਸਨ ਤੇ ਉਹ ਸਿੱਖਾਂ ਦਾ ਅਕਸ ਖਰਾਬ ਕਰਨ ਦੇ ਹਰ ਮੌਕੇ ਨੂੰ ਵਰਤਣਾ ਚਾਹੁੰਦੇ ਹਨ।
ਸਰਦਾਰ ਬਾਦਲ ਨੇ ਕਿਹਾ ਕਿ ਸ੍ਰੀ ਭਗਵੰਤ ਮਾਨ ਤੇ ਦਿੱਲੀ ਵਿਚਲੇ ਉਹਨਾਂ ਦੇ ਆਕਾ ਗੁਰਧਾਮਾਂ ਵਿਚ ਦਾਖਲ ਹੋਣ ਤੇ ਸਿੱਖਾਂ ਨੂੰ ਹਿੰਸਕ ਦਰਸਾਉਣ ਦਾ ਸਿਰਫ ਮੌਕਾ ਭਾਲਦੇ ਹਨ।
ਉਹਨਾਂ ਕਿਹਾ ਕਿ ਦਿੱਲੀ ਵਿਚ ਬੈਠੀਆਂ ਤਾਕਤਾਂ ਤੇ ਪੰਜਾਬ ਵਿਚ ਉਹਨਾਂ ਦੇ ਚੇਲੇ ਸਿੱਖਾਂ ਨੂੰ ਬਦਨਾਮ ਕਰਨ ਲਈ ਹਰ ਵੇਲੇ ਮੌਕੇ ਦੀ ਤਲਾਸ਼ ਵਿਚ ਰਹਿੰਦੇ ਹਨ ਤਾਂ ਜੋ ਸਿੱਖਾਂ ਖਿਲਾਫ ਕੂੜ ਪ੍ਰਚਾਰਕੀਤਾ ਜਾ ਸਕੇ।
ਉਹਨਾਂ ਕਿਹਾ ਕਿ ਇਹ ਲੋਕ ਸਿੱਖਾਂ ਸਿਰਦੋਸ਼ ਮੜ੍ਹ ਦੇਣਗੇ ਜਿਵੇਂ ਕਿ ਇਹਨਾਂ ਨੇ 1984 ਵਿਚ ਕੀਤਾ ਸੀ। ਉਹਨਾਂ ਕਿਹਾ ਕਿ ਸਿੱਖ ਕੌਮ ਨੂੰ ਸੰਭਲ ਕੇ ਚਲਣਾ ਪਵੇਗਾ ਤੇ ਉਹਨਾਂ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਪ੍ਰਤੀ ਚੌਕਸੀ ਰੱਖਣੀ ਪਵੇਗੀ।
ਉਹਨਾਂ ਕਿਹਾ ਕਿ ਪੁਲਿਸ ਨੂੰ ਹੁਕਮ ਦਿੱਤੇ ਗਏ ਸਨ ਤੇ ਉਹ ਕਿਸੇ ਗੱਲ ਦੀ ਪਰਵਾਹ ਨਾ ਕਰੇ ਤੇ ਧਾਰਮਿਕ ਮਰਿਆਦਾ ਦੀ ਵੀ ਕੋਈ ਪਰਵਾਹ ਨਾ ਕਰੇ ਤੇ ਇਸ ਮੌਕੇ ਦੀ ਵਰਤੋਂ ਇਕ ਪਵਿੱਤਰ ਗੁਰਧਾਮ ਵਿਚ ਬੇਅਦਬੀ ਵਾਸਤੇ ਕਰੇ। ਉਹਨਾਂ ਕਿਹਾ ਕਿ ਮਸਲੇ ਦੇ ਸ਼ਾਂਤੀਪੂਰਨ ਹੱਲ ਵਾਸਤੇ ਕੋਈ ਵੀ ਸਿਆਸੀ, ਸਮਾਜਿਕ ਜਾਂ ਪ੍ਰਸ਼ਾਸਕੀ ਹੱਲ ਲੱਭਣ ਦਾ ਯਤਨ ਨਹੀਂ ਕੀਤਾ ਗਿਆ।
ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਮੁੱਖ ਮੰਤਰੀ ਨਤੀਜਿਆਂ ਦੀ ਪਰਵਾਹ ਕੀਤੇ ਬਗੈਰ ਆਪਣੀ ਗੱਲ ਮੁਤਾਬਕ ਚੱਲਣਾ ਚਾਹੁੰਦੇ ਸਨ।
