Follow us

18/01/2025 2:44 pm

Search
Close this search box.
Home » News In Punjabi » ਚੰਡੀਗੜ੍ਹ » ਪੰਜਾਬੀ ਕਵਿਤਾ ਅਤੇ ਨਾਟਕ ਦੇ ਵਿਭਿੰਨ ਸਰੋਕਾਰਾਂ ਬਾਰੇ ਹੋਈ ਵਿਚਾਰ ਚਰਚਾ

ਪੰਜਾਬੀ ਕਵਿਤਾ ਅਤੇ ਨਾਟਕ ਦੇ ਵਿਭਿੰਨ ਸਰੋਕਾਰਾਂ ਬਾਰੇ ਹੋਈ ਵਿਚਾਰ ਚਰਚਾ

ਐੱਸ.ਏ.ਐੱਸ.ਨਗਰ:
ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਭਾਸ਼ਾ ਵਿਭਾਗ ਪੰਜਾਬ, ਜ਼ਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਵੱਲੋਂ ਪੰਜਾਬੀ ਮਾਹ-2023 ਤਹਿਤ ਨਵੀਂ ਪੀੜ੍ਹੀ ਨੂੰ ਪੁਸਤਕ ਸੱਭਿਆਚਾਰ ਤੇ ਮਾਂ-ਬੋਲੀ ਨਾਲ ਜੋੜਨ ਲਈ ਲਾਏ ਚਾਰ ਰੋਜ਼ਾ ਪੁਸਤਕ ਮੇਲੇ ਦੇ ਸਮਾਨਾਂਤਰ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਬਾਰੇ ਵਿਚਾਰ ਚਰਚਾ ਵਿਚ ਵੱਖ-ਵੱਖ ਵਿਦਵਾਨਾਂ ਵੱਲੋਂ ਸ਼ਿਰਕਤ ਕੀਤੀ ਗਈ।


ਤੀਸਰੇ ਦਿਨ ਦੇ ਸੈਸ਼ਨ ਦੇ ਆਰੰਭ ਵਿਚ ਡਾ. ਦਵਿੰਦਰ ਸਿੰਘ ਬੋਹਾ ਨੇ ਸਮੂਹ ਪ੍ਰਧਾਨਗੀ ਮੰਡਲ ਅਤੇ ਸ੍ਰੋਤਿਆਂ ਨੂੰ ਜੀ ਆਇਆ ਨੂੰ ਕਿਹਾ ਅਤੇ ਸਮੁੱਚੇ ਸਮਾਗਮ ਦੀ ਰੂਪਰੇਖਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰ ਦਾ ਸੈਸ਼ਨ ਵਿਚ ‘ਪੰਜਾਬੀ ਕਵਿਤਾ: ਵਿਭਿੰਨ ਸਰੋਕਾਰ’ ਅਤੇ ਸ਼ਾਮ ਦਾ ਸੈਸ਼ਨ ਵਿਚ ‘ਪੰਜਾਬੀ ਨਾਟਕ ਅਤੇ ਰੰਗਮੰਚ: ਵਿਭਿੰਨ ਸਰੋਕਾਰ’ ਵਿਸ਼ੇ ‘ਤੇ ਵਿਚਾਰ ਚਰਚਾ ਹੋਵੇਗੀ।


ਇਸ ਮੌਕੇ ‘ਪੰਜਾਬੀ ਕਵਿਤਾ: ਵਿਭਿੰਨ ਸਰੋਕਾਰ’ ਵਿਸ਼ੇ ‘ਤੇ ਵਿਚਾਰ ਚਰਚਾ ਦੌਰਾਨ ਡਾ. ਸੁਖਦੇਵ ਸਿੰਘ ਸਿਰਸਾ ਸਿੰਘ ਵੱਲੋਂ ਗਲੋਬਲੀ ਦੌਰ ਵਿੱਚ ਪੰਜਾਬੀ ਕਵਿਤਾ ਦੀ ਦਸ਼ਾ ਅਤੇ ਦਿਸ਼ਾ ਬਾਰੇ ਗੱਲ ਕਰਦਿਆਂ ਆਖਿਆ ਗਿਆ ਕਿ ਸਮਕਾਲੀ ਪੰਜਾਬੀ ਕਵਿਤਾ ਇੱਕੋ ਸਮੇਂ ਕੌਮੀ, ਸਥਾਨਕ ਅਤੇ ਸੰਸਾਰ ਪੱਧਰ ਦੇ ਮਸਲਿਆਂ ਨੂੰ ਮੁਖ਼ਾਤਿਬ ਹੋ ਰਹੀ ਹੈ। ਪੰਜਾਬੀ ਕਵੀ ਇਨ੍ਹਾਂ ਮਸਲਿਆਂ ਪ੍ਰਤੀ ਪੂਰੇ ਸੁਚੇਤ ਹਨ। ਡਾ. ਮਨਮੋਹਨ ਵੱਲੋਂ ਭਾਰਤੀ ਅਤੇ ਪੱਛਮੀ ਪਰੰਪਰਾ ਦੇ ਆਧਾਰ ‘ਤੇ ਗੱਲ ਕੀਤੀ ਗਈ ਕਿ ਕਵਿਤਾ ਕੀ ਹੈ ਅਤੇ ਕਿਵੇਂ ਬਣਦੀ ਹੈ?

ਉਨ੍ਹਾਂ ਆਖਿਆ ਕਿ ਜਿੰਨੀ ਦੇਰ ਤੱਕ ਤੁਹਾਡੇ ਕੋਲ ਪ੍ਰਮਾਣਿਕ ਅਨੁਭਵ ਨਹੀਂ, ਤੁਸੀਂ ਪ੍ਰਮਾਣਿਕ ਭਾਸ਼ਾਕਾਰ ਨਹੀਂ ਹੋ ਸਕਦੇ। ਡਾ. ਪਰਵੀਨ ਸ਼ੇਰੋਂ ਵੱਲੋਂ ਮੁੱਢਲੇ ਦੌਰ ਦੀ ਪੰਜਾਬੀ ਕਵਿਤਾ ਤੋਂ ਲੈ ਕੇ ਅਜੋਕੇ ਦੌਰ ਤੱਕ ਦੀ ਕਵਿਤਾ ਦੇ ਪਾਠਕੀ ਪ੍ਰਤਿਉੱਤਰ ਬਾਰੇ ਬੜੇ ਗੰਭੀਰ ਅਤੇ ਅਹਿਮ ਨੁਕਤੇ ਸਾਂਝੇ ਕੀਤੇ ਗਏ ਕਿ ਕਿਸ ਤਰ੍ਹਾਂ ਹਰ ਦੌਰ ਵਿੱਚ ਕਵੀ ਆਪਣੇ ਯੁੱਗ ਨੂੰ ਮੁਖ਼ਾਤਿਬ ਹੋ ਕੇ ਜਨ ਸਧਾਰਨ ਦੀ ਅਗਵਾਈ ਕਰਦੇ ਰਹੇ ਹਨ। ਡਾ. ਅਰਵਿੰਦਰ ਕੌਰ ਕਾਕੜਾ ਵੱਲੋਂ 21ਵੀਂ ਸਦੀ ਦੀ ਕਵਿਤਾ ਦੇ ਵਿਭਿੰਨ ਪ੍ਰਵਚਨਾਂ ਬਾਰੇ ਵਿਸਥਾਰਪੂਰਵਕ ਗੱਲ ਕਰਦਿਆਂ ਇਸ ਨੁਕਤੇ ਨੂੰ ਉਭਾਰਿਆ ਗਿਆ ਕਿ ਸਮਕਾਲ ਵਿਚਲੀ ਬਹੁਤ ਕਵਿਤਾ ਵਿੱਚੋਂ ਸੁਹਜ ਮਨਫੀ ਹੈ।


‘ਪੰਜਾਬੀ ਨਾਟਕ ਅਤੇ ਰੰਗਮੰਚ: ਵਿਭਿੰਨ ਸਰੋਕਾਰ’ ਵਿਸ਼ੇ ‘ਤੇ ਵਿਚਾਰ ਚਰਚਾ ਦੀ ਪ੍ਰਧਾਨਗੀ ਕਰ ਰਹੇ ਡਾ. ਦਵਿੰਦਰ ਦਮਨ ਵੱਲੋਂ ਸਮਕਾਲ ਵਿੱਚ ਪੰਜਾਬੀ ਨਾਟਕ ਨੂੰ ਦਰਪੇਸ਼ ਚੁਣੌਤੀਆਂ ਅਤੇ ਭਵਿੱਖੀ ਸੰਭਾਵਨਾਵਾਂ ਬਾਰੇ ਗੱਲ ਕਰਦਿਆਂ ਭਾਵਪੂਰਤ ਟਿੱਪਣੀ ਕੀਤੀ ਕਿ ਨਾਟਕ ਮਨੁੱਖ ਨੂੰ ਹਲੂਣਾ ਦਿੰਦਾ ਹੈ। ਕੇਵਲ ਧਾਲੀਵਾਲ ਵੱਲੋਂ ਆਖਿਆ ਗਿਆ ਕਿ ਨਾਟਕ ਇੱਕ ਦਿਲ ਤੋਂ ਦੂਜੇ ਦਿਲ ਤੱਕ ਪਹੁੰਚਣ ਦਾ ਸਭ ਤੋਂ ਆਸਾਨ ਰਸਤਾ ਹੈ ਕਿਉਂਕਿ ਨਾਟਕ ਦੀ ਭਾਸ਼ਾ ਸਭ ਭਾਸ਼ਾਵਾਂ ਤੋਂ ਉੱਤੇ ਹੈ। ਸਫ਼ਲ ਨਾਟਕ ਉਹੀ ਹੁੰਦਾ ਹੈ ਜਿਸ ਵਿੱਚ ਰੰਗਮੰਚ ਅਤੇ ਦਰਸ਼ਕ ਇੱਕ ਹੋ ਜਾਣ।

ਡਾ. ਸਾਹਿਬ ਸਿੰਘ ਵੱਲੋਂ ਪੰਜਾਬੀ ਨਾਟਕ ਦੇ ਗਲੋਬਲੀ ਪਸਾਰ ਬਾਰੇ ਗੱਲ ਕਰਦਿਆਂ ਆਖਿਆ ਗਿਆ ਕਿ ਨਾਟਕ ਬਣੇ ਬਣਾਏ ਚੌਖਟਿਆਂ ਵਿੱਚ ਨਹੀਂ ਖੇਡਿਆ ਜਾ ਸਕਦਾ। ਕੋਈ ਨਾਟਕ ਦਰਸ਼ਕਾਂ ਨੂੰ ਤਾਂ ਹੀ ਸੋਚਣ ਲਾ ਸਕਦਾ ਹੈ ਜੇ ਉਹ ਉਸ ਖਿੱਤੇ ਦੇ ਲੋਕਾਂ ਅਤੇ ਸੱਭਿਆਚਾਰ ਦੇ ਰੰਗ ਵਿੱਚ ਰੰਗਿਆ ਹੋਵੇ। ਸ਼ਬਦੀਸ਼ ਵੱਲੋਂ ਆਖਿਆ ਗਿਆ ਕਿ ਨਾਟਕ ਸਾਰੀਆਂ ਵਿਧਾਵਾਂ ਦਾ ਸੁਮੇਲ ਹੈ ਅਤੇ ਜਿੰਦਗੀ ਜਿਹੜੇ ਮਸਲਿਆਂ ਨੂੰ ਹੱਲ ਕਰਨਾ ਚਾਹੁੰਦੀ ਹੈ, ਨਾਟਕ ਉਸ ਲਈ ਰਾਹ ਰੁਸ਼ਨਾ ਕੇ ਮਾਰਗ ਦਰਸ਼ਨ ਕਰਦਾ ਹੈ।


ਸਾਰੇ ਸੈਸ਼ਨਾਂ ਦੇ ਅੰਤ ਵਿੱਚ ਜਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ ਅਤੇ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਮੰਚ ਸੰਚਾਲਨ ਖੋਜ ਅਫ਼ਸਰ ਡਾ. ਦਰਸ਼ਨ ਕੌਰ ਅਤੇ ਸ਼੍ਰੀ ਗੁਰਿੰਦਰ ਸਿੰਘ ਕਲਸੀ ਵੱਲੋਂ ਕੀਤਾ ਗਿਆ।


ਜਿਕਰਯੋਗ ਹੈ ਕਿ ਇਸ ਪੁਸਤਕ ਮੇਲੇ ਵਿਚ ਪੰਜਾਬ, ਚੰਡੀਗੜ੍ਹ, ਹਰਿਆਣਾ ਅਤੇ ਦਿੱਲੀ ਦੇ ਲਗਭਗ 30 ਪੁਸਤਕ ਵਿਕ੍ਰੇਤਾਵਾਂ ਵੱਲੋਂ ਆਪਣੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ।

ਇਸ ਮੌਕੇ ਪੰਜਾਬੀ ਅੱਖਰਕਾਰਾਂ ਸਰਬੱਤ ਅੱਖਰਕਾਰੀ, ਪੰਜਾਬੀ ਕਲਮਕਾਰੀ ਅਤੇ ਸਾਹਿਬੁ ਆਰਟ ਵੱਲੋਂ ਵੀ ਆਪਣੀ ਅੱਖਰਕਾਰੀ ਦੀ ਖ਼ੂਬਸੂਰਤ ਪ੍ਰਦਰਸ਼ਨੀ ਲਗਾਈ ਗਈ ਹੈ। ਪੰਜਾਬੀ ਅਦਬ ਦੀਆਂ ਨਾਮਵਰ ਸ਼ਖਸੀਅਤਾਂ ਦੇ ਨਾਲ-ਨਾਲ ਜ਼ਿਲ੍ਹਾ ਵਾਸੀ ਵੀ ਇਸ ਪੁਸਤਕ ਮੇਲੇ ਦੇ ਸਮਾਨਾਂਤਰ ਚੱਲ ਰਹੇ ਸੈਮੀਨਾਰਾਂ ਵਿਚ ਖ਼ੂਬ ਦਿਲਚਸਪੀ ਲੈ ਰਹੇ ਹਨ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰ ਰਹੇ ਹਨ।

dawn punjab
Author: dawn punjab

Leave a Comment

RELATED LATEST NEWS