ਐਮ ਐਲ ਏ ਕੁਲਜੀਤ ਸਿੰਘ ਰੰਧਾਵਾ ਸਮੇਤ ਪੁਰਾਣੇ ਵਿਦਿਆਰਥੀਆਂ ਵੱਡੀ ਗਿਣਤੀ ਚ ਪੁੱਜੇ
ਐਸ.ਏ.ਐਸ.ਨਗਰ:
ਅੱਜ ਸਰਕਾਰੀ ਕਾਲਜ, ਡੇਰਾ ਬੱਸੀ ਵਿਖੇ ਐਲੂਮਨੀ ਮੀਟ (ਪੁਰਾਣੇ ਵਿਦਿਆਰਥੀਆਂ ਦੀ ਮਿਲਣੀ) ਕਰਵਾਈ ਗਈ। ਇਸ ਸਮਾਗਮ ਦਾ ਆਗਾਜ਼ ਇਸ ਕਾਲਜ ਦੇ ਐਲੂਮਨਾਈ ਵਿਦਿਆਰਥੀਆਂ ਜਿਨ੍ਹਾਂ ਵਿੱਚ ਡੇਰਾਬੱਸੀ ਇਲਾਕੇ ਦੇ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੀ ਸ਼ਾਮਿਲ ਸਨ, ਨੇ ਸ਼ਮਾਂ ਰੌਸ਼ਨ ਕਰਕੇ ਕੀਤਾ। ਪ੍ਰਿੰਸੀਪਲ ਡਾ. ਸੁਜਾਤਾ ਕੌਸ਼ਲ ਨੇ ਐਲੂਮਨੀ ਮੀਟ ਵਿੱਚ ਆਏ ਪੁਰਾਣੇ ਵਿਦਿਆਰਥੀਆ ਨੂੰ ਜੀ ਆਇਆ ਕਿਹਾ।
ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਾਲਜ ਵਿੱਚ ਬਿਤਾਏ ਆਪਣੇ ਪਲਾਂ ਨੂੰ ਵਿਦਿਆਰਥੀਆ ਨਾਲ ਸਾਂਝੇ ਕਰਦਿਆਂ ਕਿਹਾ ਕਿ ਕਾਲਜ ਨੂੰ ਖੜ੍ਹਾ ਕਰਨ ਲਈ ਉਨ੍ਹਾਂ ਨੇ ਬਹੁਤ ਸੰਘਰਸ਼ ਕੀਤਾ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਇਸ ਕਾਲਜ ਚੋਂ ਪ੍ਰਾਪਤ ਸਿੱਖਿਆ ਸੀ ਬਦੌਲਤ ਹੀ ਉਹ ਅੱਜ ਆਪਣੇ ਹਲਕੇ ਡੇਰਾਬੱਸੀ ਦੇ ਨੁਮਾਇੰਦੇ ਵਜੋਂ ਵਿਧਾਨ ਸਭਾ ਚ ਪੁੱਜੇ ਹਨ। ਉਨ੍ਹਾਂ ਨੇ ਕਾਲਜ ਦੀ ਤਰੱਕੀ ਲਈ ਹਰ ਸੰਭਵ ਮੱਦਦ ਕਰਨ ਦਾ ਵਾਧਾ ਵੀ ਕੀਤਾ।
ਇਸ ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮ ਦਾ ਆਰੰਭ ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀ ਨੇ ਆਪਣੀ ਗਜ਼ਲ ਨਾਲ ਕੀਤਾ। ਪੁਰਾਣੇ ਵਿਦਿਆਰਥੀਆਂ ਦੇ ਇਸ ਕਾਲਜ ਵਿੱਚ ਬਿਤਾਏ ਪਲਾਂ ਨੂੰ ਇੱਕ ਵੀਡਿਓ ਦੇ ਰੂਪ ਵਿੱਚ ਦਿਖਾਇਆ ਗਿਆ।ਵਿਦਿਆਰਥੀਆਂ ਦੇ ਮਨੋਰੰਜਨ ਲਈ ਉਨ੍ਹਾਂ ਨਾਲ ਕੁਝ ਦਿਲਚਸਪ ਗੇਮਾਂ ਵੀ ਖੇਡੀਆ ਗਈਆਂ। ਵੱਖ-ਵੱਖ ਖੇਤਰਾਂ ਵਿੱਚ ਵਿਲੱਖਣ ਸਖ਼ਸ਼ੀਅਤਾਂ ਦੇ ਰੂਪ ਵਿੱਚ ਸਥਾਪਿਤ ਇਸ ਕਾਲਜ ਦੇ ਵਿਦਿਆਰਥੀਆਂ ਨੇ ਕਾਲਜ ਵਿੱਚ ਬਿਤਾਏ ਆਪਣੇ ਪਲਾਂ ਅਤੇ ਤਜ਼ਰਬਿਆ ਨੂੰ ਸਭ ਨਾਲ ਸਾਂਝੇ ਕੀਤਾ।
ਸਮਾਗਮ ਦੀ ਸਮਾਪਤੀ ਲੋਕ ਨਾਚ ਗਿੱਧੇ ਨਾਲ ਹੋਈ। ਅੰਤ ਵਿੱਚ ਵਾਇਸ ਪ੍ਰਿੰਸੀਪਲ ਮੈਡਮ ਆਮੀ ਭੱਲਾ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਹ ਸਮੁੱਚਾ ਪ੍ਰੋਗਰਾਮ ਕਾਲਜ ਦੀ ਐਲੂਮਨੀ ਕਮੇਟੀ ਜਿਸ ਦੇ ਕਨਵੀਨਰ ਡਾ. ਪ੍ਰਭਜੋਤ ਕੌਰ, ਡਾ. ਸੁਮੀਤਾ ਕਟੋਚ ਅਤੇ ਉਹਨਾਂ ਦੀ ਸਮੁੱਚੀ ਟੀਮ ਰਾਹੀਂ ਕਰਵਾਇਆ ਗਿਆ। ਮੰਚ ਦਾ ਸੰਚਾਲਨ ਪ੍ਰੋ. ਅਵਤਾਰ ਸਿੰਘ ਦੁਆਰਾ ਕੀਤਾ ਗਿਆ। ਕਾਲਜ ਦਾ ਸਮੁੱਚਾ ਸਟਾਫ ਇਸ ਸਮਾਗਮ ਦੌਰਾਨ ਹਾਜ਼ਰ ਰਿਹਾ ।
