ਡਾ. ਐੱਸ.ਪੀ.ਐੱਸ. ਗਰੇਵਾਲ ਨੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੂੰ ਲਿਖਿਆ ਪੱਤਰ; ਸੁਖਨਾ ਝੀਲ ਜਾਂ ਤਿਰੰਗਾ ਪਾਰਕ ਵਿੱਚ ਸਮਾਗਮ ਕਰਵਾਉਣ ਦਾ ਦਿੱਤਾ ਸੁਝਾਅ
ਪਿਛਲੇ ਸਾਲ ਟ੍ਰਾਈਸਿਟੀ ਵਿੱਚ ਪਟਾਕਿਆਂ ਕਾਰਨ 96 ਲੋਕਾਂ ਦੀਆਂ ਅੱਖਾਂ ਜ਼ਖ਼ਮੀ, 219 ਝੁਲਸੇ; ਪੀਜੀਆਈ ਵਿੱਚ 10 ਮਰੀਜ਼ਾਂ ਦੀ ਕਰਨੀ ਪਈ ਸਰਜਰੀ
ਦੀਵਾਲੀ ਮੌਕੇ ਪਟਾਕਿਆਂ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਗਰੇਵਾਲ ਆਈ ਇੰਸਟੀਚਿਊਟ ਦੇ ਡਾ. ਐੱਸ.ਪੀ.ਐੱਸ. ਗਰੇਵਾਲ ਨੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੂੰ ਪੱਤਰ ਲਿਖ ਕੇ ਸਮੂਹਿਕ ਆਤਿਸ਼ਬਾਜ਼ੀ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਸੁਝਾਅ ਦਿੱਤਾ ਹੈ ਕਿ ਪ੍ਰਸ਼ਾਸਨ ਵੱਲੋਂ ਸੁਖਨਾ ਝੀਲ ਜਾਂ ਤਿਰੰਗਾ ਪਾਰਕ ਵਿਖੇ ਆਤਿਸ਼ਬਾਜ਼ੀ ਦਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਲੋਕ ਆਪਣੇ ਪਰਿਵਾਰਾਂ ਸਮੇਤ ਇੱਕ ਥਾਂ ‘ਤੇ ਦੀਵਾਲੀ ਦਾ ਆਨੰਦ ਮਾਣ ਸਕਣ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਨਿੱਜੀ ਤੌਰ ‘ਤੇ ਪਟਾਕੇ ਚਲਾਉਣ ਦੇ ਰੁਝਾਨ ਨੂੰ ਘਟਾਇਆ ਜਾ ਸਕੇ।
ਡਾ. ਗਰੇਵਾਲ ਨੇ ਪੱਤਰ ਵਿੱਚ ਦੱਸਿਆ ਕਿ ਪਿਛਲੇ ਸਾਲ ਦੀਵਾਲੀ ਮੌਕੇ ਟ੍ਰਾਈਸਿਟੀ ਵਿੱਚ ਪਟਾਕਿਆਂ ਕਾਰਨ 219 ਲੋਕ ਝੁਲਸ ਗਏ ਸਨ, ਜਦਕਿ 96 ਲੋਕਾਂ ਦੀਆਂ ਅੱਖਾਂ ਵਿੱਚ ਸੱਟਾਂ ਲੱਗੀਆਂ ਸਨ। ਪੀਜੀਆਈ ਦੇ ਐਡਵਾਂਸਡ ਆਈ ਸੈਂਟਰ ਵਿੱਚ 48 ਘੰਟਿਆਂ ਦੌਰਾਨ ਅੱਖਾਂ ਦੀਆਂ ਸੱਟਾਂ ਦੇ 26 ਮਰੀਜ਼ ਪਹੁੰਚੇ ਸਨ। ਇਨ੍ਹਾਂ ਵਿੱਚੋਂ 13 ਬੱਚੇ 14 ਸਾਲ ਤੋਂ ਘੱਟ ਉਮਰ ਦੇ ਸਨ, ਜਦਕਿ 10 ਮਰੀਜ਼ਾਂ ਦੀ ਸਰਜਰੀ ਕਰਨੀ ਪਈ ਸੀ।
ਉਨ੍ਹਾਂ ਦੱਸਿਆ ਕਿ ਪਟਾਕਿਆਂ ਕਾਰਨ ਅੱਖਾਂ ਨੂੰ ਤਿੰਨ ਤਰ੍ਹਾਂ ਦੀਆਂ ਗੰਭੀਰ ਸੱਟਾਂ ਲੱਗ ਸਕਦੀਆਂ ਹਨ। ਇਨ੍ਹਾਂ ਵਿੱਚ ਚੰਗਿਆੜੀਆਂ ਅਤੇ ਗਰਮੀ ਕਾਰਨ ਅੱਖ ਦੇ ਕੌਰਨੀਆ ਦਾ ਸੜਨਾ, ਬਾਰੂਦ ਜਾਂ ਪਟਾਕਿਆਂ ਦੇ ਛੋਟੇ ਟੁਕੜੇ ਅੱਖ ਵਿੱਚ ਵੜਨ ਕਾਰਨ ਫੌਰਨ ਬਾਡੀ ਇੰਜਰੀ ਅਤੇ ਅੱਖ ਦੇ ਅੰਦਰੂਨੀ ਹਿੱਸਿਆਂ ਨੂੰ ਗੰਭੀਰ ਨੁਕਸਾਨ ਪਹੁੰਚਣਾ ਸ਼ਾਮਲ ਹੈ। ਗੰਭੀਰ ਮਾਮਲਿਆਂ ਵਿੱਚ ਵਿਅਕਤੀ ਦੀ ਅੱਖਾਂ ਦੀ ਰੌਸ਼ਨੀ ਹਮੇਸ਼ਾ ਲਈ ਵੀ ਜਾ ਸਕਦੀ ਹੈ।
ਡਾ. ਗਰੇਵਾਲ ਨੇ ਕਿਹਾ ਕਿ ਜਾਗਰੂਕਤਾ ਅਤੇ ਸੁਰੱਖਿਆ ਸਬੰਧੀ ਸਲਾਹਾਂ ਦੇ ਬਾਵਜੂਦ ਹਰ ਸਾਲ ਅਜਿਹੇ ਹਾਦਸੇ ਵਾਪਰ ਰਹੇ ਹਨ। ਉਨ੍ਹਾਂ ਕੈਨੇਡਾ ਡੇ ਦੀ ਤਰਜ਼ ‘ਤੇ ਸਮੂਹਿਕ ਆਤਿਸ਼ਬਾਜ਼ੀ ਦਾ ਮਾਡਲ ਅਪਣਾਉਣ ਦਾ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਨਿਰਧਾਰਤ ਥਾਂ ‘ਤੇ ਫਾਇਰ ਬ੍ਰਿਗੇਡ, ਭੀੜ ਪ੍ਰਬੰਧਨ ਅਤੇ ਮੈਡੀਕਲ ਸਹੂਲਤਾਂ ਦੇ ਪੁਖ਼ਤਾ ਪ੍ਰਬੰਧਾਂ ਨਾਲ ਇਹ ਸਮਾਗਮ ਕਰਵਾਇਆ ਜਾਵੇ। ਇਸ ਨਾਲ ਜਿੱਥੇ ਲੋਕਾਂ ਦਾ ਦੀਵਾਲੀ ਦਾ ਉਤਸ਼ਾਹ ਬਰਕਰਾਰ ਰਹੇਗਾ, ਉੱਥੇ ਹੀ ਉਨ੍ਹਾਂ ਦੀਆਂ ਅੱਖਾਂ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾ ਸਕੇਗੀ।





