ਫੇਜ਼-5 ਦੀ ਗ੍ਰੀਨ ਬੈਲਟ ’ਤੇ ਨਾਜਾਇਜ਼ ਕਬਜ਼ੇ ਦਾ ਦੋਸ਼, ਪੰਪ ਹਾਊਸ ਢਾਹੁਣ ਦੀ ਮੰਗ
30 ਸਾਲਾਂ ਤੋਂ ਪਰਿਵਾਰ ਦੇ ਰਹਿਣ ਦਾ ਦਾਅਵਾ; ਗਮਾਡਾ ਦੇ ਮੁੱਖ ਪ੍ਰਸ਼ਾਸਕ ਅਤੇ ਮੇਅਰ ਨੂੰ ਪੱਤਰ ਭੇਜਿਆ
ਮੋਹਾਲੀ: Mohali Sector 58 green belt encroachment: ਮੋਹਾਲੀ ਦੇ ਫੇਜ਼-5 ਨਾਲ ਲੱਗਦੀ ਸੈਕਟਰ-58 ਦੀ ਗ੍ਰੀਨ ਬੈਲਟ ਵਿੱਚ ਪੁਰਾਣੇ ਟਿਊਬਵੈਲ ਪੰਪ ਹਾਊਸ ਅਤੇ ਇਸ ਦੇ ਨਾਲ ਲੱਗਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਦਾ ਮਾਮਲਾ ਸਾਹਮਣੇ ਆਇਆ ਹੈ। ਫੇਜ਼-5 ਅਤੇ ਫੇਜ਼-4 ਦੇ ਵਸਨੀਕਾਂ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਅਤੇ ਨਗਰ ਨਿਗਮ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਨੂੰ ਪੱਤਰ ਭੇਜ ਕੇ ਕਬਜ਼ਾ ਹਟਾਉਣ ਅਤੇ ਬੰਦ ਪਏ ਪੰਪ ਹਾਊਸ ਨੂੰ ਢਾਹੁਣ ਦੀ ਮੰਗ ਕੀਤੀ ਹੈ।
ਐਚ.ਐਮ. ਹਾਊਸਿਸ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਐਨ.ਐਸ. ਕਲਸੀ ਨੇ ਦੱਸਿਆ ਕਿ ਸੈਕਟਰ-58 ਵਿੱਚ ‘ਭੈਣਾ ਦਾ ਢਾਬਾ’ ਦੇ ਸਾਹਮਣੇ ਗ੍ਰੀਨ ਬੈਲਟ ਵਿੱਚ ਕਰੀਬ 1,000 ਵਰਗ ਫੁੱਟ ਖੇਤਰ ਵਿੱਚ ਪੁਰਾਣਾ ਪੰਪ ਹਾਊਸ ਸਥਿਤ ਹੈ। ਉਨ੍ਹਾਂ ਦੇ ਦਾਅਵੇ ਮੁਤਾਬਕ, ਇਹ ਪੰਪ ਹਾਊਸ ਲਗਭਗ 50 ਸਾਲ ਪੁਰਾਣਾ ਹੈ ਅਤੇ ਇੱਕ ਵਿਅਕਤੀ ਪਿਛਲੇ 30 ਸਾਲਾਂ ਤੋਂ ਉੱਥੇ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਬੰਧਤ ਵਿਅਕਤੀ ਨੇ ਇੱਕ ਵਾਧੂ ਕਮਰਾ ਬਣਾ ਕੇ ਅਤੇ ਉਸ ਉੱਪਰ ਟੀਨ ਦੀ ਛੱਤ ਪਾ ਕੇ ਕਬਜ਼ੇ ਦਾ ਦਾਇਰਾ ਵਧਾ ਲਿਆ ਹੈ।
ਕਲਸੀ ਨੇ ਕਿਹਾ ਕਿ ਗ੍ਰੀਨ ਬੈਲਟ ਦੇ ਵੱਡੇ ਹਿੱਸੇ ਨੂੰ ਕੰਡਿਆਲੀ ਤਾਰ ਲਗਾ ਕੇ ਘੇਰਿਆ ਗਿਆ ਹੈ। ਉਨ੍ਹਾਂ ਸਵਾਲ ਉਠਾਇਆ ਕਿ ਸਬੰਧਤ ਅਧਿਕਾਰੀਆਂ ਵੱਲੋਂ ਲੰਮੇ ਸਮੇਂ ਤੋਂ ਇਸ ਮਾਮਲੇ ਵੱਲ ਧਿਆਨ ਕਿਉਂ ਨਹੀਂ ਦਿੱਤਾ ਗਿਆ।
ਵਸਨੀਕਾਂ ਨੇ ਮੰਗ ਕੀਤੀ ਹੈ ਕਿ ਮਾਮਲੇ ਦੀ ਤੁਰੰਤ ਜਾਂਚ ਕਰਵਾਈ ਜਾਵੇ ਅਤੇ ਕਾਨੂੰਨ ਅਨੁਸਾਰ ਕਬਜ਼ਾ ਹਟਾਉਣ ਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਬੰਦ ਪਏ ਪੰਪ ਹਾਊਸ ਦੀ ਹੁਣ ਕੋਈ ਲੋੜ ਨਹੀਂ ਹੈ ਤਾਂ ਇਸ ਨੂੰ ਢਾਹ ਕੇ ਜਗ੍ਹਾ ਨੂੰ ਮੁੜ ਗ੍ਰੀਨ ਬੈਲਟ ਵਜੋਂ ਵਿਕਸਤ ਕੀਤਾ ਜਾਵੇ।
ਇਸ ਮੌਕੇ ਨਗਰ ਨਿਗਮ ਕੌਂਸਲਰ ਕੁਲਦੀਪ ਕੌਰ ਕੰਗ, ਗ੍ਰੀਨ ਪਾਰਕ ਰੈਜ਼ੀਡੈਂਟ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਮੋਹਿੰਦਰ ਸਿੰਘ, ਸੁਖਵਿੰਦਰ ਸਿੰਘ ਵਿਰਦੀ ਅਤੇ ਰਵਿੰਦਰ ਸਿੰਘ ਰਾਜੂ ਵੀ ਮੌਜੂਦ ਸਨ।




