Follow us

30/10/2026 8:47 pm

Search
Close this search box.
Home » News In Punjabi » ਚੰਡੀਗੜ੍ਹ » ਫੇਜ਼-5 ਗ੍ਰੀਨ ਬੈਲਟ ’ਚ ਕੂੜਾ ਸੁੱਟਣ ਵਿਰੁੱਧ ਵਸਨੀਕਾਂ ਦਾ ਧਰਨਾ ਜਾਰੀ, ਸਬਜ਼ੀ ਮੰਡੀ ਲਾਉਣ ਪਹੁੰਚੇ ਚੇਅਰਮੈਨ ਨੂੰ ਮੋੜਿਆ

ਫੇਜ਼-5 ਗ੍ਰੀਨ ਬੈਲਟ ’ਚ ਕੂੜਾ ਸੁੱਟਣ ਵਿਰੁੱਧ ਵਸਨੀਕਾਂ ਦਾ ਧਰਨਾ ਜਾਰੀ, ਸਬਜ਼ੀ ਮੰਡੀ ਲਾਉਣ ਪਹੁੰਚੇ ਚੇਅਰਮੈਨ ਨੂੰ ਮੋੜਿਆ

 ਫੇਜ਼-5 ਗ੍ਰੀਨ ਬੈਲਟ ’ਚ ਕੂੜਾ ਸੁੱਟਣ ਵਿਰੁੱਧ ਵਸਨੀਕਾਂ ਦਾ ਧਰਨਾ ਜਾਰੀ, ਸਬਜ਼ੀ ਮੰਡੀ ਲਾਉਣ ਪਹੁੰਚੇ ਚੇਅਰਮੈਨ ਨੂੰ ਮੋੜਿਆ

ਅੱਧੇ ਤੋਂ ਵੱਧ ਕੂੜਾ ਚੁੱਕਿਆ, ਪਰ ਮੁੜ ਡੰਪਿੰਗ ਦੇ ਡਰੋਂ ਧਰਨੇ ’ਤੇ ਡਟੇ ਲੋਕ; ਸਫਾਈ ਤੋਂ ਬਾਅਦ ਗ੍ਰੀਨ ਬੈਲਟ ਵਿਕਸਿਤ ਕਰਨ ਦੀ ਮੰਗ

ਮੋਹਾਲੀ ਦੇ ਫੇਜ਼-5 ਨੇੜੇ ਸਥਿਤ ਗ੍ਰੀਨ ਬੈਲਟ ਵਿੱਚ ਕੂੜਾ ਸੁੱਟਣ ਵਿਰੁੱਧ ਫੇਜ਼-5 ਅਤੇ ਪਿੰਡ ਸ਼ਾਹੀ ਮਾਜਰਾ ਦੇ ਵਸਨੀਕਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਕੂੜੇ ਨਾਲ ਭਰੀ ਇਸ ਥਾਂ ਦੀ ਸਫਾਈ ਕਰਵਾਉਣ ਅਤੇ ਮੁੜ ਕੂੜਾ ਸੁੱਟਣ ਤੋਂ ਰੋਕਣ ਲਈ ਵਸਨੀਕਾਂ ਨੇ ਪੱਕਾ ਧਰਨਾ ਲਾਇਆ ਹੋਇਆ ਹੈ ਅਤੇ ਕੂੜੇ ਨਾਲ ਭਰੀਆਂ ਟਰਾਲੀਆਂ ਨੂੰ ਉੱਥੇ ਦਾਖ਼ਲ ਨਹੀਂ ਹੋਣ ਦਿੱਤਾ ਜਾ ਰਿਹਾ।

ਵਸਨੀਕਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਨਗਰ ਨਿਗਮ ਦੇ ਠੇਕੇਦਾਰ ਵੱਲੋਂ ਜੇ.ਸੀ.ਬੀ. ਮਸ਼ੀਨ ਲਗਾ ਕੇ ਕੂੜਾ ਚੁੱਕਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ, ਜੋ ਅਜੇ ਵੀ ਜਾਰੀ ਹੈ। ਹੁਣ ਤੱਕ ਅੱਧੇ ਤੋਂ ਵੱਧ ਕੂੜਾ ਚੁੱਕਿਆ ਜਾ ਚੁੱਕਾ ਹੈ, ਪਰ ਵਸਨੀਕਾਂ ਨੂੰ ਖਦਸ਼ਾ ਹੈ ਕਿ ਸਫਾਈ ਤੋਂ ਬਾਅਦ ਨਿਗਮ ਵੱਲੋਂ ਮੁੜ ਇਸ ਥਾਂ ’ਤੇ ਕੂੜਾ ਸੁੱਟਣਾ ਸ਼ੁਰੂ ਕਰ ਦਿੱਤਾ ਜਾਵੇਗਾ।

ਇਸ ਥਾਂ ’ਤੇ ਲੱਗੇ ਕੂੜੇ ਨੂੰ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਅੱਗ ਲਗਭਗ ਬੁਝ ਚੁੱਕੀ ਹੈ, ਪਰ ਇਲਾਕਾ ਅਜੇ ਵੀ ਗੰਦਗੀ ਦੇ ਵੱਡੇ ਢੇਰ ਵਰਗਾ ਦਿਖਾਈ ਦੇ ਰਿਹਾ ਹੈ। ਮੱਖੀਆਂ ਅਤੇ ਮੱਛਰਾਂ ਦੀ ਭਰਮਾਰ ਦੇ ਬਾਵਜੂਦ ਵਸਨੀਕ ਧਰਨੇ ’ਤੇ ਡਟੇ ਹੋਏ ਹਨ।

ਇਸ ਦੌਰਾਨ ਕੂੜਾ ਚੁੱਕੇ ਜਾਣ ਕਾਰਨ ਖਾਲੀ ਹੋਈ ਥਾਂ ਦੇ ਇੱਕ ਹਿੱਸੇ ਵਿੱਚ ਹਫਤਾਵਾਰੀ ਸਬਜ਼ੀ ਮੰਡੀ ਲਗਵਾਉਣ ਲਈ ਪਹੁੰਚੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੋਬਿੰਦਰ ਮਿੱਤਲ ਨੂੰ ਵਸਨੀਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਵਾਰਡ ਨੰਬਰ 9 ਦੀ ਕੌਂਸਲਰ ਕੁਲਦੀਪ ਕੌਰ ਕੰਗ ਦੀ ਅਗਵਾਈ ਹੇਠ ਇਕੱਠੇ ਹੋਏ ਲੋਕਾਂ ਨੇ ਉਨ੍ਹਾਂ ਨੂੰ ਵਾਪਸ ਮੋੜ ਦਿੱਤਾ। ਗੋਬਿੰਦਰ ਮਿੱਤਲ ਨੇ ਵਸਨੀਕਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਮੰਡੀ ਬੰਦ ਰਹਿਣ ਕਾਰਨ ਸਰਕਾਰ ਦੇ ਮਾਲੀਏ ਦਾ ਨੁਕਸਾਨ ਹੋ ਰਿਹਾ ਹੈ, ਪਰ ਲੋਕ ਆਪਣੇ ਫੈਸਲੇ ’ਤੇ ਅੜੇ ਰਹੇ। ਵਸਨੀਕਾਂ ਦੇ ਵਿਰੋਧ ਨੂੰ ਦੇਖਦਿਆਂ ਚੇਅਰਮੈਨ ਨੂੰ ਬਿਨਾਂ ਮੰਡੀ ਲਗਾਏ ਵਾਪਸ ਪਰਤਣਾ ਪਿਆ।

ਇਸ ਮੌਕੇ ਕੌਂਸਲਰ ਕੁਲਦੀਪ ਕੌਰ ਕੰਗ, ਸਾਬਕਾ ਕੌਂਸਲਰ ਜਗਦੀਸ਼ ਸਿੰਘ ਜੱਗਾ, ਸੁਖਵਿੰਦਰ ਸਿੰਘ ਵਿਰਦੀ, ਰਵਿੰਦਰ ਸਿੰਘ ਰਾਜੂ ਅਤੇ ਹੋਰਨਾਂ ਵਸਨੀਕਾਂ ਨੇ ਕਿਹਾ ਕਿ ਜਦੋਂ ਤੱਕ ਇਸ ਥਾਂ ਦੀ ਮੁਕੰਮਲ ਸਫਾਈ ਨਹੀਂ ਹੁੰਦੀ, ਉਦੋਂ ਤੱਕ ਧਰਨਾ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸਫਾਈ ਮੁਕੰਮਲ ਹੋਣ ਤੋਂ ਬਾਅਦ ਗ੍ਰੀਨ ਬੈਲਟ ਦੇ ਆਲੇ-ਦੁਆਲੇ ਕੰਡਿਆਲੀ ਤਾਰ ਲਗਾ ਕੇ ਇਸ ਨੂੰ ਵਿਕਸਿਤ ਕੀਤਾ ਜਾਵੇਗਾ, ਤਾਂ ਜੋ ਇੱਥੇ ਮੁੜ ਕੂੜਾ ਨਾ ਸੁੱਟਿਆ ਜਾ ਸਕੇ।

dawnpunjab
Author: dawnpunjab

Leave a Comment

RELATED LATEST NEWS

Top Headlines

Live Cricket

Rashifal