LPU ’ਚ ਵਿਦਿਆਰਥੀਆਂ ਦਾ ਹੰਗਾਮਾ, ਨੈਸ਼ਨਲ ਹਾਈਵੇ ਜਾਮ; ਜਬਰ-ਜਨਾਹ ਦੇ ਦੋਸ਼ਾਂ ’ਤੇ FIR ਦਰਜ
ਪੁਲਿਸ ਵੱਲੋਂ SIT ਜਾਂਚ ਦਾ ਭਰੋਸਾ, ਕੈਂਪਸ ’ਚ ਭੰਨਤੋੜ ਤੇ ਅੱਗਜ਼ਨੀ; ਹੋਸਟਲ ਸੁਰੱਖਿਆ ਸਮੇਤ ਕਈ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ
ਮੋਹਾਲੀ/ਫਗਵਾੜਾ : ਪੰਜਾਬ ਦੇ ਫਗਵਾੜਾ ਸਥਿਤ Lovely Professional University (LPU) ਵਿੱਚ ਵਿਦਿਆਰਥਣ ਨਾਲ ਕਥਿਤ ਜਬਰ-ਜਨਾਹ ਦੇ ਮਾਮਲੇ ਨੂੰ ਲੈ ਕੇ ਐਤਵਾਰ ਤੜਕੇ ਵਿਦਿਆਰਥੀਆਂ ਦਾ ਰੋਸ ਭੜਕ ਗਿਆ। ਪ੍ਰਦਰਸ਼ਨਕਾਰੀਆਂ ਨੇ ਯੂਨੀਵਰਸਿਟੀ ਕੈਂਪਸ ਵਿੱਚ ਭੰਨਤੋੜ ਕੀਤੀ, ਕੁਝ ਵਸਤਾਂ ਨੂੰ ਅੱਗ ਲਗਾਈ ਅਤੇ ਜਲੰਧਰ-ਫਗਵਾੜਾ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ। ਪੁਲਿਸ ਨੇ ਅਣਪਛਾਤੇ ਮੁਲਜ਼ਮ ਖ਼ਿਲਾਫ਼ ਜਬਰ-ਜਨਾਹ ਦੇ ਦੋਸ਼ਾਂ ਤਹਿਤ FIR ਦਰਜ ਕਰ ਲਈ ਹੈ।
ਵਿਦਿਆਰਥੀਆਂ ਦਾ ਦੋਸ਼ ਹੈ ਕਿ ਘਟਨਾ ਤਿੰਨ ਦਿਨ ਪਹਿਲਾਂ ਵਾਪਰੀ ਸੀ ਪਰ ਯੂਨੀਵਰਸਿਟੀ ਪ੍ਰਬੰਧਕਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਤੱਕ FIR ਦੀ ਕਾਪੀ ਨਹੀਂ ਮਿਲਦੀ, ਧਰਨਾ ਨਹੀਂ ਚੁੱਕਿਆ ਜਾਵੇਗਾ।
ਮੌਕੇ ’ਤੇ ਪੁੱਜੇ ਜਲੰਧਰ ਰੇਂਜ ਦੇ ਡੀਆਈਜੀ ਨਵੀਨ ਸਿੰਗਲਾ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ SIT ਜਾਂਚ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਜਾਂਚ ਵਿਗਿਆਨਕ ਢੰਗ ਨਾਲ ਹੋਵੇਗੀ ਅਤੇ ਫੋਰੈਂਸਿਕ ਤੇ ਤਕਨੀਕੀ ਪਹਿਲੂਆਂ ਦੀ ਜਾਂਚ ਕੀਤੀ ਜਾਵੇਗੀ। ਵਿਦਿਆਰਥੀ ਨੁਮਾਇੰਦਿਆਂ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਜਾਵੇਗਾ।
ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਪੀੜਤਾ ਨੂੰ ਹੋਸਟਲ ਤੋਂ ਘਰ ਭੇਜ ਦਿੱਤਾ ਗਿਆ ਸੀ। ਪੁਲਿਸ ਅਨੁਸਾਰ, ਘਟਨਾ ਸਬੰਧੀ ਵੱਖ-ਵੱਖ ਦਾਅਵੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ।
ਰੋਸ ਪ੍ਰਦਰਸ਼ਨ ਕਾਰਨ ਜਲੰਧਰ ਅਤੇ ਲੁਧਿਆਣਾ ਦੋਵੇਂ ਪਾਸੇ ਆਵਾਜਾਈ ਠੱਪ ਹੋ ਗਈ। ਹਾਈਵੇ ’ਤੇ ਕਈ ਕਿਲੋਮੀਟਰ ਲੰਬੀਆਂ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ ਅਤੇ ਮੁਸਾਫ਼ਰਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਰਾਤ ਕਰੀਬ 2 ਵਜੇ ਸ਼ੁਰੂ ਹੋਇਆ ਪ੍ਰਦਰਸ਼ਨ ਸਵੇਰੇ 4 ਵਜੇ ਹਾਈਵੇ ਤੱਕ ਪਹੁੰਚ ਗਿਆ।
ਯੂਨਵਰਸਿਟੀ ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਵਿੱਚ ਕੋਈ ਸੱਚਾਈ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਸਿਰਫ਼ ਅਧਿਕਾਰਤ ਜਾਣਕਾਰੀ ’ਤੇ ਭਰੋਸਾ ਕਰਨ ਦੀ ਅਪੀਲ ਕੀਤੀ।
ਵਿਦਿਆਰਥੀਆਂ ਨੇ ਹੋਸਟਲਾਂ ਦੀ ਸੁਰੱਖਿਆ ਵਧਾਉਣ ਅਤੇ ਲੜਕੀਆਂ ਦੇ ਹੋਸਟਲ ਵਿੱਚ ਮਹਿਲਾ ਸਟਾਫ਼ ਤਾਇਨਾਤ ਕਰਨ ਦੀ ਮੰਗ ਵੀ ਰੱਖੀ। ਡੀਆਈਜੀ ਨੇ ਕਿਹਾ ਕਿ ਯੂਨੀਵਰਸਿਟੀ ਪ੍ਰਬੰਧਕਾਂ ਨਾਲ ਮੀਟਿੰਗ ਕਰਕੇ ਮੰਗਾਂ ’ਤੇ ਵਿਚਾਰ ਕੀਤਾ ਜਾਵੇਗਾ।
ਵਿਦਿਆਰਥੀਆਂ ਨੇ 15 ਦਿਨ ਪਹਿਲਾਂ ਹੋਈ ਇੱਕ ਵਿਦਿਆਰਥਣ ਦੀ ਕਥਿਤ ਖ਼ੁਦਕੁਸ਼ੀ ਦਾ ਮਾਮਲਾ ਵੀ ਚੁੱਕਿਆ। ਪੁਲਿਸ ਨੇ ਮੋਬਾਈਲ ਫੋਨ ਫੋਰੈਂਸਿਕ ਜਾਂਚ ਲਈ ਭੇਜਿਆ ਹੈ।

LPU Protest, Phagwara News, Student Protest, Rape Case, SIT Investigation





