Mohali: Builders Owe Over ₹1,014 Crore; GMADA Defaulters List Raises Concerns Among Home buyers
ਬਿਲਡਰਾਂ ‘ਤੇ 1014 ਕਰੋੜ ਤੋਂ ਵੱਧ ਬਕਾਇਆ, ਗਮਾਡਾ ਦੀ ਡਿਫਾਲਟਰ ਸੂਚੀ ਨਾਲ ਘਰ ਖਰੀਦਦਾਰਾਂ ਦੀਆਂ ਵਧੀਆਂ ਚਿੰਤਾਵਾਂ
ਨਵੀਆਂ ਮਨਜ਼ੂਰੀਆਂ ਅਤੇ ਭੁਗਤਾਨਾਂ ‘ਤੇ ਰੋਕ; ਹਜ਼ਾਰਾਂ ਨਿਵੇਸ਼ਕਾਂ ਨੂੰ ਪ੍ਰੋਜੈਕਟਾਂ ਦੇ ਭਵਿੱਖ ਦੀ ਫਿਕਰ
ਮੋਹਾਲੀ:
Mohali: Builders Owe Over ₹1,014 Crore; GMADA Defaulters List Raises Concerns Among Home buyers
ਮੋਹਾਲੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਆਪਣੇ ਸੁਪਨਿਆਂ ਦਾ ਘਰ ਜਾਂ ਪਲਾਟ ਖਰੀਦਣ ਲਈ ਹਜ਼ਾਰਾਂ ਲੋਕਾਂ ਵੱਲੋਂ ਬਿਲਡਰਾਂ ਨੂੰ ਅਦਾ ਕੀਤੀ ਗਈ ਰਕਮ ਹੁਣ ਚਿੰਤਾ ਦਾ ਕਾਰਨ ਬਣ ਗਈ ਹੈ। ਗਮਾਡਾ ਵੱਲੋਂ ਜਾਰੀ ਕੀਤੀ ਗਈ ਡਿਫਾਲਟਰ ਸੂਚੀ ਮੁਤਾਬਕ ਕਈ ਵੱਡੇ ਬਿਲਡਰਾਂ ਅਤੇ ਪ੍ਰੋਜੈਕਟਾਂ ਉੱਤੇ ਈਡੀਸੀ, ਲਾਇਸੈਂਸ ਫੀਸ ਅਤੇ ਹੋਰ ਸਰਕਾਰੀ ਚਾਰਜਾਂ ਦੇ ਰੂਪ ਵਿੱਚ 1014 ਕਰੋੜ ਰੁਪਏ ਤੋਂ ਵੱਧ ਦੀ ਬਕਾਇਆ ਰਕਮ ਖੜ੍ਹੀ ਹੈ।

ਖਰੀਦਦਾਰਾਂ ਦਾ ਮੰਨਣਾ ਸੀ ਕਿ ਉਨ੍ਹਾਂ ਵੱਲੋਂ ਦਿੱਤੀ ਗਈ ਰਕਮ ਵਿੱਚ ਸ਼ਾਮਲ ਸਰਕਾਰੀ ਫੀਸਾਂ ਅਤੇ ਚਾਰਜ ਬਿਲਡਰ ਸਮੇਂ ਸਿਰ ਗਮਾਡਾ ਕੋਲ ਜਮ੍ਹਾਂ ਕਰਵਾ ਦੇਣਗੇ, ਪਰ ਹੁਣ ਸਾਹਮਣੇ ਆਈ ਸੂਚੀ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।
Also read: Punjab Youth Congress Holds Massive Mashaal March Against NEET Paper Leak
ਗਮਾਡਾ ਨੇ ਬਕਾਇਆਦਾਰ ਪ੍ਰਮੋਟਰਾਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜਦੋਂ ਤੱਕ ਸਾਰੀ ਬਕਾਇਆ ਰਕਮ ਜਮ੍ਹਾਂ ਨਹੀਂ ਹੁੰਦੀ, ਉਦੋਂ ਤੱਕ ਇਨ੍ਹਾਂ ਪ੍ਰੋਜੈਕਟਾਂ ਨੂੰ ਕੋਈ ਨਵੀਂ ਮਨਜ਼ੂਰੀ ਜਾਂ ਭੁਗਤਾਨ ਜਾਰੀ ਨਹੀਂ ਕੀਤਾ ਜਾਵੇਗਾ। ਇਸ ਫ਼ੈਸਲੇ ਤੋਂ ਬਾਅਦ ਨਿਵੇਸ਼ਕਾਂ ਅਤੇ ਜਾਇਦਾਦ ਖਰੀਦਦਾਰਾਂ ਵਿੱਚ ਬੇਚੈਨੀ ਵਧ ਗਈ ਹੈ।
ਲੋਕਾਂ ਨੂੰ ਡਰ ਹੈ ਕਿ ਜੇਕਰ ਬਕਾਇਆ ਰਕਮ ਅਤੇ ਕਾਨੂੰਨੀ ਕਾਰਵਾਈਆਂ ਲੰਬੀਆਂ ਖਿੱਚਦੀਆਂ ਹਨ ਤਾਂ ਕਈ ਪ੍ਰੋਜੈਕਟਾਂ ਦੇ ਵਿਕਾਸ ਕਾਰਜ, ਬੁਨਿਆਦੀ ਸਹੂਲਤਾਂ ਅਤੇ ਲੋੜੀਂਦੀਆਂ ਮਨਜ਼ੂਰੀਆਂ ਪ੍ਰਭਾਵਿਤ ਹੋ ਸਕਦੀਆਂ ਹਨ, ਜਿਸ ਦਾ ਸਿੱਧਾ ਅਸਰ ਘਰ ਖਰੀਦਦਾਰਾਂ ‘ਤੇ ਪਵੇਗਾ।
ਪਾਪਰਾ ਕਾਲੋਨੀਆਂ ਵਿੱਚ 312.47 ਕਰੋੜ ਦਾ ਬਕਾਇਆ
ਗਮਾਡਾ ਦੀ ਸੂਚੀ ਅਨੁਸਾਰ ਪਾਪਰਾ ਕਾਲੋਨੀਆਂ ਵਿੱਚ ਚੰਡੀਗੜ੍ਹ ਰਾਇਲ ਸਿਟੀ ਪ੍ਰਮੋਟਰਜ਼ ‘ਤੇ 47.89 ਕਰੋੜ, ਸ਼ਿਵਾਲਿਕ ਸਾਈਟ ਪਲਾਨਰਜ਼ ‘ਤੇ 20.55 ਕਰੋੜ, ਬਾਜਵਾ ਡਿਵੈਲਪਰਜ਼ ਦੇ ਵੱਖ-ਵੱਖ ਪ੍ਰੋਜੈਕਟਾਂ ‘ਤੇ 150 ਕਰੋੜ ਰੁਪਏ ਤੋਂ ਵੱਧ, ਆਰਕੇਐਮ ਹਾਊਸਿੰਗ ‘ਤੇ 31.07 ਕਰੋੜ ਅਤੇ ਹੋਰ ਕਈ ਪ੍ਰੋਜੈਕਟਾਂ ਸਮੇਤ ਕੁੱਲ 312.47 ਕਰੋੜ ਰੁਪਏ ਬਕਾਇਆ ਦਰਜ ਹੈ।
ਮੇਗਾ ਪ੍ਰੋਜੈਕਟਾਂ ਵਿੱਚ 701.56 ਕਰੋੜ ਦੀ ਦੇਣਦਾਰੀ
ਮੇਗਾ ਪ੍ਰੋਜੈਕਟਾਂ ਦੀ ਸ਼੍ਰੇਣੀ ਵਿੱਚ ਸਭ ਤੋਂ ਵੱਧ ਬਕਾਇਆ ਬਾਜਵਾ ਡਿਵੈਲਪਰਜ਼ ਦੇ ਦੋ ਪ੍ਰੋਜੈਕਟਾਂ ‘ਤੇ ਹੈ, ਜਿੱਥੇ ਕਰੀਬ 378 ਕਰੋੜ ਰੁਪਏ ਦੀ ਰਕਮ ਬਕਾਇਆ ਹੈ। ਇਸ ਤੋਂ ਇਲਾਵਾ ਜੇਐਲਪੀਐਲ ਦੇ ਸੈਕਟਰ 82, 90 ਅਤੇ 91 ਵਾਲੇ ਪ੍ਰੋਜੈਕਟਾਂ ‘ਤੇ 152.12 ਕਰੋੜ, ਸੁਖਮ ਇਨਫਰਾਸਟਰਕਚਰ ‘ਤੇ 69.06 ਕਰੋੜ, ਐਚ.ਪੀ. ਸਿੰਘ ਐਂਡ ਅਦਰਜ਼ ‘ਤੇ 45.78 ਕਰੋੜ, ਗਲੋਬਸ ਪ੍ਰੋਜੈਕਟਸ ‘ਤੇ 34.52 ਕਰੋੜ ਅਤੇ ਪ੍ਰੀਤ ਲੈਂਡ ਪ੍ਰਮੋਟਰਜ਼ ‘ਤੇ 22.14 ਕਰੋੜ ਰੁਪਏ ਬਕਾਇਆ ਹਨ।
ਮੇਗਾ ਪ੍ਰੋਜੈਕਟਾਂ ਦੀ ਇਸ ਸ਼੍ਰੇਣੀ ਵਿੱਚ ਕੁੱਲ 701.56 ਕਰੋੜ ਰੁਪਏ ਦੀ ਦੇਣਦਾਰੀ ਸਾਹਮਣੇ ਆਈ ਹੈ।
ਖਰੀਦਦਾਰਾਂ ਦੀ ਮੰਗ
ਪ੍ਰਭਾਵਿਤ ਖਰੀਦਦਾਰਾਂ ਦਾ ਕਹਿਣਾ ਹੈ ਕਿ ਸਰਕਾਰ ਅਤੇ ਗਮਾਡਾ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਬਿਲਡਰਾਂ ਦੀ ਵਿੱਤੀ ਗੜਬੜ ਦਾ ਖਮਿਆਜ਼ਾ ਆਮ ਘਰ ਖਰੀਦਦਾਰਾਂ ਨੂੰ ਨਾ ਭੁਗਤਣਾ ਪਵੇ ਅਤੇ ਪ੍ਰੋਜੈਕਟਾਂ ਦਾ ਵਿਕਾਸ ਅਤੇ ਰਜਿਸਟਰੀਆਂ ਪ੍ਰਭਾਵਿਤ ਨਾ ਹੋਣ।





