ਜ਼ੀਰਕਪੁਰ ਵਿੱਚ ਆਵਾਰਾ ਕੁੱਤਿਆਂ ‘ਤੇ ਕਾਬੂ ਲਈ ਵੱਡਾ ਕਦਮ, ਡਾਗ ਸਟੀਰਿਲਾਈਜ਼ੇਸ਼ਨ ਮੁਹਿੰਮ ਸ਼ੁਰੂ
DPB, Mohali, February 12 :
ਜ਼ੀਰਕਪੁਰ ਵਾਸੀਆਂ ਨੂੰ ਆਵਾਰਾ ਕੁੱਤਿਆਂ ਦੀ ਵੱਧ ਰਹੀ ਸਮੱਸਿਆ ਤੋਂ ਰਾਹਤ ਦੇਣ ਲਈ ਹਲਕਾ ਵਿਧਾਇਕ ਸ੍ਰੀ ਕੁਲਜੀਤ ਸਿੰਘ ਰੰਧਾਵਾ ਨੇ ਨਗਰ ਕੌਂਸਲ ਦੀ “ਡਾਗ ਸਟੀਰਿਲਾਈਜ਼ੇਸ਼ਨ” (ਕੁੱਤਿਆਂ ਦੀ ਨਸਬੰਦੀ) ਮੁਹਿੰਮ ਦੀ ਰਸਮੀ ਸ਼ੁਰੂਆਤ ਕਰਵਾਈ। ਇਸ ਮੁਹਿੰਮ ਅਧੀਨ ਲਗਭਗ 2000 ਆਵਾਰਾ ਕੁੱਤਿਆਂ ਦੀ ਸਟੀਰਿਲਾਈਜ਼ੇਸ਼ਨ ਕਰਨ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ।
ਵਿਧਾਇਕ ਰੰਧਾਵਾ ਨੇ ਦੱਸਿਆ ਕਿ ਸ਼ਹਿਰ ਦੇ ਨਿਵਾਸੀ ਲੰਮੇ ਸਮੇਂ ਤੋਂ ਆਵਾਰਾ ਕੁੱਤਿਆਂ ਦੀ ਵੱਧਦੀ ਗਿਣਤੀ ‘ਤੇ ਕਾਬੂ ਪਾਉਣ ਲਈ ਕਾਰਵਾਈ ਦੀ ਮੰਗ ਕਰ ਰਹੇ ਸਨ। ਇਸ ਲਈ 39.46 ਲੱਖ ਰੁਪਏ ਦੀ ਲਾਗਤ ਨਾਲ ਪ੍ਰੋਜੈਕਟ ਮਨਜ਼ੂਰ ਕਰਕੇ ਸਟੀਰਿਲਾਈਜ਼ੇਸ਼ਨ ਸੈਂਟਰ ਸਥਾਪਿਤ ਕੀਤਾ ਗਿਆ ਹੈ, ਜਿੱਥੇ ਇੱਕ ਸਮੇਂ ਵਿੱਚ 100 ਕੁੱਤਿਆਂ ਨੂੰ ਰੱਖਿਆ ਜਾ ਸਕੇਗਾ। ਉਨ੍ਹਾਂ ਕਿਹਾ, “ਹਰ ਕੁੱਤੇ ਨੂੰ ਸਟੀਰਿਲਾਈਜ਼ੇਸ਼ਨ ਤੋਂ ਬਾਅਦ ਨਿਗਰਾਨੀ ਹੇਠ ਰੱਖਿਆ ਜਾਵੇਗਾ ਅਤੇ ਪੂਰੀ ਤਰ੍ਹਾਂ ਤੰਦਰੁਸਤ ਹੋਣ ‘ਤੇ ਹੀ ਛੱਡਿਆ ਜਾਵੇਗਾ।”
ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਆਵਾਰਾ ਕੁੱਤਿਆਂ ਲਈ ‘ਡਾਗ ਸੈਂਕਚੁਰੀ’ ਬਣਾਉਣ ਦਾ ਪ੍ਰਸਤਾਵ ਰਾਜ ਸਰਕਾਰ ਨੂੰ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਪਿੰਡ ਛੱਤ ਵਿੱਚ 40.53 ਲੱਖ ਰੁਪਏ ਨਾਲ ਨਵੇਂ ਟਿਊਬਵੈੱਲ ਅਤੇ 49.50 ਲੱਖ ਰੁਪਏ ਦੀ ਲਾਗਤ ਨਾਲ ਡ੍ਰੇਨੇਜ ਤੇ ਟਾਇਲਾਂ ਦੇ ਕੰਮ ਦੀ ਸ਼ੁਰੂਆਤ ਵੀ ਕਰਵਾਈ ਗਈ।
ਮੌਕੇ ‘ਤੇ ਚਾਰ ਨਵੀਆਂ ਗ੍ਰੈਬ ਬੱਕੇਟ ਮਸ਼ੀਨਾਂ (ਲਾਗਤ 47 ਲੱਖ ਰੁਪਏ) ਨੂੰ ਵੀ ਹਰੀ ਝੰਡੀ ਦਿੱਤੀ ਗਈ, ਜਿਸ ਨਾਲ ਸੀਵਰੇਜ ਜਾਮ ਦੀ ਸਮੱਸਿਆ ਘਟੇਗੀ। EO ਪਰਵਿੰਦਰ ਸਿੰਘ ਭੱਟੀ, ਕੌਂਸਲਰ ਅਤੇ ਸਥਾਨਕ ਵਸਨੀਕ ਹਾਜ਼ਰ ਰਹੇ।






