ਮੋਹਾਲੀ: ਮਸ਼ਹੂਰ ਖੂਨਦਾਨੀ ਜੋੜੀ ਬਲਵੰਤ ਸਿੰਘ – ਜਸਵੰਤ ਕੌਰ ਦੇ ਬੀਬੀ ਜਸਵੰਤ ਕੌਰ ਅੱਜ ਅਕਾਲ ਚਲਾਣਾ ਕਰ ਗਏ। ਉਹ 69 ਵਰ੍ਹਿਆਂ ਦੇ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਬੀ ਜਸਵੰਤ ਕੌਰ ਅੱਜ ਸਵੇਰੇ ਸੈਕਟਰ 126 ਖਰੜ ਵਿਚਲੇ ਆਪਣੇ ਘਰ ਵਿੱਚ ਕਿਤੇ ਜਾਣ ਵਾਸਤੇ ਤਿਆਰ ਹੋ ਰਹੇ ਸਨ, ਜਦੋਂ ਉਹ ਅਚਾਨਕ ਡਿੱਗ ਪਏ। ਉਹਨਾਂ ਦੇ ਪਤੀ ਉਹਨਾਂ ਨੂੰ ਫੋਰਟਿਸ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਵਲੋਂ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਬੀਬੀ ਜਸਵੰਤ ਕੌਰ ਬਾਬਾ ਸ਼ੇਖ ਫਰੀਦ ਬਲੱਡ ਡੋਨਰਜ ਕੌਂਸਲ ਰਜਿ. ਦੇ ਮੋਢੀ ਪ੍ਰਧਾਨ ਸਨ ਅਤੇ ਉਹਨਾਂ ਦੀ ਅਗਵਾਈ ਵਿੱਚ ਕੌਂਸਲ ਵਲੋਂ 150 ਦੇ ਕਰੀਬ ਖੂਨਦਾਨ ਕੈਂਪ ਲਗਵਾਏ ਗਏ ਸਨ। ਉਹ ਅਤੇ ਉਹਨਾਂ ਦੇ ਪਤੀ ਖੂਨਦਾਨੀ ਜੋੜੀ ਵਜੋਂ ਮਸ਼ਹੂਰ ਸਨ ਜਿਹਨਾਂ ਵਲੋਂ 110 ਤੋਂ ਵੱਧ ਵਾਰ ਖੂਨਦਾਨ ਕੀਤਾ ਗਿਆ ਸੀ।
ਬਾਬਾ ਸ਼ੇਖ ਫਰੀਦ ਬਲੱਡ ਡੋਨਰਜ ਕੌਂਸਲ ਰਜਿ. ਦੇ ਜਨਰਲ ਸਕੱਤਰ ਸ੍ਰ. ਹਾਕਮ ਸਿੰਘ ਜਵੰਦਾ ਨੇ ਦੱਸਿਆ ਕਿ ਬੀਬੀ ਜਸਵੰਤ ਕੌਰ ਦੇ ਬੱਚੇ ਕਨੈਡਾ ਵਿੱਚ ਸੈਟਲ ਹਨ ਜਿਹਨਾਂ ਦੇ ਭਲਕੇ ਸ਼ਾਮ ਤਕ ਆਉਣ ਦੀ ਉਮੀਦ ਹੈ ਜਿਸਤੋਂ ਬਾਅਦ ਅੰਤਮ ਸਸਕਾਰ ਕੀਤਾ ਜਾਵੇਗਾ।
