ਮੋਹਾਲੀ ਹਲਕੇ ਦੇ ਪਿੰਡਾਂ ਦੀਆਂ ਲਿੰਕ ਸੜਕਾਂ ਗਮਾਡਾ ਆਪਣੇ ਅਧੀਨ ਲੈ ਕੇ ਬੁਨਿਆਦੀ ਢਾਂਚਾ ਕਰੇ ਮਜਬੂਤ : ਕੁਲਜੀਤ ਸਿੰਘ ਬੇਦੀ
ਮੋਹਾਲੀ, 13 ਫਰਵਰੀ :
ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਹਾਊਸਿੰਗ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੂੰ ਪੱਤਰ ਲਿਖ ਕੇ ਮੋਹਾਲੀ ਹਲਕੇ ਦੇ ਪਿੰਡਾਂ ਦੀਆਂ ਲਿੰਕ ਸੜਕਾਂ ਨੂੰ ਬੇਹਤਰ ਬਣਾਉਣ ਦੀ ਮੰਗ ਕੀਤੀ ਹੈ ਅਤੇ ਇਸ ਦੇ ਨਾਲ ਨਾਲ ਹੋਰ ਬੁਨਿਆਦੀ ਢਾਂਚਾ ਮਜਬੂਤ ਕਰਨ ਲਈ ਕਿਹਾ ਹੈ।
ਆਪਣੇ ਪੱਤਰ ਵਿੱਚ ਕੁਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਮੋਹਾਲੀ ਹਲਕੇ ਦੇ ਪਿੰਡਾਂ ਬਾਕਰਪੁਰ ਤੋਂ ਬੜੀ, ਬੜੀ ਤੋਂ ਕੁਰੜੀ, ਕੁਰੜੀ ਤੋਂ ਸੇਖਣ ਮਾਜਰਾ, ਸੇਖਣ ਮਾਜਰਾ ਤੋਂ ਕੁਰੜਾ, ਕੁਰੜੀ ਤੋਂ ਪੱਤੋ ਂ, ਪੱਤੋਂ ਤੋਂ ਮਾਣਕਪੁਰ ਕਲਰ, ਸਿਆਊ ਤੋਂ ਮਟਰਾਂ, ਬੜੀ ਤੋਂ ਛੱਤ ਬੀੜ ਸਮੇਤ ਹੋਰ ਕਈ ਪਿੰਡਾਂ ਦਾ ਖੇਤਰ ਮੋਹਾਲੀ ਸ਼ਹਿਰ ਵਿੱਚ ਹੀ ਆ ਚੁੱਕਾ ਹੈ ਅਤੇ ਗਮਾਡਾ ਵੱਲੋਂ ਇੱਥੇ ਜ਼ਮੀਨਾਂ ਇਕੁਾਇਰ ਕਰਨ ਦੇ ਨਾਲ ਨਾਲ ਪ੍ਰਾਈਵੇਟ ਕਲੋਨੀਆਂ ਵੀ ਬਣਾਈਆਂ ਜਾ ਰਹੀਆਂ ਹਨ ਜਿਨ੍ਹਾਂ ਦੇ ਸੀਐਲਯੂ ਵੀ ਗਮਾਡਾ ਵੱਲੋਂ ਹੀ ਦਿੱਤੇ ਜਾਂਦੇ ਹਨ।
ਉਹਨਾਂ ਕਿਹਾ ਕਿ ਇਹਨਾਂ ਪਿੰਡਾਂ ਦੀਆਂ ਜਮੀਨਾਂ ਵਿੱਚ ਹੋ ਰਹੇ ਵਿਕਾਸ ਕਾਰਜਾਂ ਕਾਰਨ ਪਿੰਡਾਂ ਦਾ ਬੁਨਿਆਦੀ ਢਾਂਚਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਤੇ ਲਿੰਕ ਸੜਕਾਂ ਦੀ ਹਾਲਤ ਬਹੁਤ ਜਿਆਦਾ ਮਾੜੀ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਇਹਨਾਂ ਪਿੰਡਾਂ ਦੇ ਬਜ਼ੁਰਗਾਂ ਅਤੇ ਬਿਮਾਰ ਲੋਕਾਂ ਨੂੰ ਆਵਾਜਾਈ ਵਿੱਚ ਬਹੁਤ ਵੱਡਾ ਵਿਘਨ ਪੈਂਦਾ ਹੈ ਜਿਸ ਨਾਲ ਉਹਨਾਂ ਦਾ ਸਮਾਂ ਤੇ ਪੈਸਾ ਬਰਬਾਦ ਹੁੰਦਾ ਹੈ ਅਤੇ ਕਈ ਹਾਦਸੇ ਹੋਣ ਕਾਰਨ ਕੀਮਤੀ ਜਾਨਾਂ ਵੀ ਜਾਂਦੀਆਂ ਹਨ।
ਉਹਨਾਂ ਕਿਹਾ ਕਿ ਕਿਉਂਕਿ ਇਹਨਾਂ ਪਿੰਡਾਂ ਦੇ ਖੇਤਰ ਵਿੱਚ ਲੋਕ ਖੇਤੀ ਯੋਗ ਜਮੀਨ ਉੱਤੇ ਉਸਾਰੀ ਨਹੀਂ ਕਰ ਸਕਦੇ ਅਤੇ ਜਮੀਨਾਂ ਅਕਵਾਇਰ ਹੋਣ ਕਾਰਨ ਹੋ ਰਹੇ ਵਿਕਾਸ ਨੇ ਇਹਨਾਂ ਦੀਆਂ ਸੜਕਾਂ ਦਾ ਨੁਕਸਾਨ ਕੀਤਾ ਹੈ ਇਸ ਕਰਕੇ ਇਹਨਾਂ ਦੇ ਬੁਨਿਆਦੀ ਢਾਂਚੇ ਨੂੰ ਦੁਰੁਸਤ ਕਰਨ ਦੀ ਜਿੰਮੇਵਾਰੀ
ਗਮਾਡਾ ਦੀ ਬਣਦੀ ਹੈ ਕਿਉਂਕਿ ਗਮਾਡਾ ਪ੍ਰਾਈਵੇਟ ਕਾਲਜਾਂ ਤੋਂ ਸੀਐਲਯੂ ਦੇ ਨਾਂ ਉੱਤੇ ਵੱਡੀਆਂ ਰਕਮਾਂ ਬਟੋਰਦਾ ਹੈ ਅਤੇ ਨਾਲ ਹੀ ਆਪਣੇ ਅਕਵਾਇਰ ਕੀਤੇ ਹੋਏ ਖੇਤਰ ਨੂੰ ਵੀ ਬਹੁਤ ਮਹਿੰਗੇ ਭਾਅ ਵੇਚਦਾ ਹੈ। ਉਹਨਾਂ ਕਿਹਾ ਕਿ ਇਸ ਵਿਕਾਸ ਦਾ ਖਮਿਆਜ਼ਾ ਪਿੰਡਾਂ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ।
ਉਹਨਾਂ ਹਾਊਸਿੰਗ ਮੰਤਰੀ ਨੂੰ ਅਪੀਲ ਕੀਤੀ ਕਿ ਉਪਰੋਕਤ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਫੌਰੀ ਤੌਰ ਤੇ ਇਹਨਾਂ ਪਿੰਡਾਂ ਦੀਆਂ ਲਿੰਕ ਸੜਕਾਂ ਗਮਾਡਾ ਵੱਖ ਵੱਖ ਵਿਭਾਗਾਂ ਤੋਂ ਆਪਣੇ ਅਧੀਨ ਲਵੇ ਅਤੇ ਇਹਨਾਂ ਨੂੰ ਦਰੁਸਤ ਕਰਾਵੇ ਤਾਂ ਜੋ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਰਾਹਤ ਮਿਲ ਸਕੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਵਰਨ ਸਿੰਘ ਸਾਬਕਾ ਸਰਪੰਚ ਕੁਰੜੀ, ਗੁਰਮੇਲ ਸਿੰਘ ਲੰਬੜਦਾਰ, ਅਜੈਬ ਸਿੰਘ ਬਾਕਰਪੁਰ ਵੀ ਹਾਜ਼ਰ ਸਨ।
![dawnpunjab](https://secure.gravatar.com/avatar/59373ba9194922e40f16dafdc5d98805?s=96&r=g&d=https://dawnpunjab.com/wp-content/plugins/userswp/assets/images/no_profile.png)