Follow us

30/10/2024 9:47 pm

Search
Close this search box.
Home » News In Punjabi » ਚੰਡੀਗੜ੍ਹ » ਪੰਜਾਬ ਸਰਕਾਰ ਕਿਸਾਨਾਂ ਦੀ ਬਿਹਤਰੀ ਲਈ ਵਚਨਬੱਧ: ਵਿਧਾਇਕ ਕੁਲਵੰਤ ਸਿੰਘ

ਪੰਜਾਬ ਸਰਕਾਰ ਕਿਸਾਨਾਂ ਦੀ ਬਿਹਤਰੀ ਲਈ ਵਚਨਬੱਧ: ਵਿਧਾਇਕ ਕੁਲਵੰਤ ਸਿੰਘ

ਕਿਸਾਨਾਂ ਦੀ ਬਿਹਤਰੀ ਲਈ ਅਫ਼ਸਰਸ਼ਾਹੀ ਹੋਵੇ ਹੋਰ ਸਰਗਰਮ: ਵਿਧਾਇਕ ਕੁਲਜੀਤ ਸਿੰਘ ਰੰਧਾਵਾ

ਸਾਉਣੀ ਦੀਆਂ ਫਸਲਾਂ ਦੀ ਸੁੱਚਜੀ ਕਾਸ਼ਤ ਕਰਨ ਬਾਰੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ

ਐੱਸ.ਏ.ਐੱਸ. ਨਗਰ :

ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਦੀ ਬਿਹਤਰੀ ਲਈ ਵਚਨਬੱਧ ਹੈ ਜਿਸ ਤਹਿਤ ਸੂਬੇ ਦੇ ਨਹਿਰੀ ਪਾਣੀ ਨੂੰ ਟੇਲਾਂ ਤਕ ਪੁੱਜਦਾ ਕਰਨਾ ਯਕੀਨੀ ਬਣਾਇਆ ਜਾ ਰਿਹਾ ਹੈ ਤੇ ਜਦੋਂ ਤੋਂ ਆਪ ਸਰਕਾਰ ਬਣੀ ਹੈ, ਇਕ ਵਾਰ ਵੀ ਕਿਸਾਨਾਂ ਨੂੰ ਮੰਡੀਆਂ ਵਿੱਚ ਖੱਜਲ-ਖੁਆਰ ਨਹੀਂ ਹੋਣ ਦਿੱਤਾ ਗਿਆ।

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਮੋਹਾਲੀ ਦੇ ਵਿਧਾਇਕ ਸ. ਕੁਲਵੰਤ ਸਿੰਘ ਨੇ ਕਿਸਾਨ ਵਿਕਾਸ ਚੈਂਬਰ ਵਿਖੇ ਸਾਉਣੀ ਦੀਆਂ ਫਸਲਾਂ ਦੀ ਸੁੱਚਜੀ ਕਾਸ਼ਤ ਕਰਨ ਬਾਰੇ ਲਾਏ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਵਿੱਚ ਸ਼ਮੂਲੀਅਤ ਕਰਦਿਆਂ ਕੀਤਾ।

ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਖੇਤੀਬਾੜੀ ਵਿਭਾਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਭਾਗ ਵੱਲੋਂ ਨਕਲੀ ਖਾਦਾਂ, ਦਵਾਈਆਂ ਨੂੰ ਨੱਥ ਪਾਈ ਗਈ ਹੈ। ਉਹਨਾਂ ਕਿਹਾ ਕਿ ਕਿਸਾਨੀ ਪੂਰੇ ਦੇਸ਼ ਦੀ ਰੀੜ੍ਹ ਦੀ ਹੱਡੀ ਹੈ। ਕਿਸਾਨੀ ਤੋਂ ਬਿਨਾਂ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਅਨਾਜ ਤੋਂ ਬਿਨਾਂ ਜੀਵਨ ਸੰਭਵ ਨਹੀਂ ਤੇ ਅਨਾਜ ਕਿਸਾਨ ਪੈਦਾ ਕਰਦਾ ਹੈ। ਕਿਸਾਨ ਘਾਟਾ-ਵਾਧਾ ਨਾ ਦੇਖਦੇ ਹੋਏ ਵੀ ਲੋਕਾਂ ਦਾ ਢਿੱਡ ਭਰ ਰਹੇ ਹਨ।

ਹਲਕਾ ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਖ਼ੁਦ ਕਿਸਾਨ ਹਨ ਤੇ ਉਹ ਖੇਤੀ ਦੀ ਨਬਜ਼ ਪਛਾਣਦੇ ਹਨ ਤੇ ਕਿਸਾਨੀ ਦੀ ਬਿਹਤਰੀ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਉਹਨਾਂ ਕਿਹਾ ਕਿ ਖੇਤੀ ਸਬੰਧੀ ਨਵੀਆਂ ਨਵੀਆਂ ਤਕਨੀਕਾਂ ਆ ਰਹੀਆਂ ਹਨ ਤੇ ਉਹਨਾਂ ਦੀ ਪ੍ਰਦਰਸ਼ਨੀ ਇਸ ਕੈਂਪ ਦੌਰਾਨ ਲਗਾਈ ਗਈ ਹੈ, ਜਿਸ ਦਾ ਵੱਧ ਤੋਂ ਵੱਧ ਲਾਹਾ ਕਿਸਾਨਾਂ ਨੂੰ ਲੈਣਾ ਚਾਹੀਦਾ ਹੈ।

ਕੁਲਵੰਤ ਸਿੰਘ ਨੇ ਕਿਹਾ ਕਿ ਅੱਜ ਦਾ ਕਿਸਾਨ ਸੁਚੇਤ ਹੋ ਚੁੱਕਿਆ ਹੈ ਤੇ ਪਰਾਲੀ ਦੀ ਸੰਭਾਲ ਨੂੰ ਤਵੱਜੋਂ ਦੇ ਰਿਹਾ ਹੈ। ਸਰਕਾਰ ਵੱਲੋਂ ਵੀ ਪਰਾਲੀ ਦੀ ਸਾਂਭ ਸੰਭਾਲ ਹਿਤ ਵੱਧ ਤੋਂ ਵੱਧ ਮਸ਼ੀਨਾਂ ਕਿਸਾਨਾਂ ਨੂੰ ਸਬਸਿਡੀ ਉੱਤੇ ਦਿੱਤੀਆਂ ਜਾ ਰਹੀਆਂ ਹਨ।

ਹਲਕਾ ਵਿਧਾਇਕ ਨੇ ਕਿਹਾ ਕਿ ਸਮੇਂ ਦੀ ਲੋੜ ਮੁਤਾਬਕ ਕਿਸਾਨਾਂ ਨੂੰ ਕਣਕ ਝੋਨੇ ਦੇ ਗੇੜ ਵਿਚੋਂ ਨਿੱਕਲ ਕੇ ਸਹਾਇਕ ਧੰਦਿਆਂ ਵੱਲ ਵਧਣਾ ਚਾਹੀਦਾ ਹੈ। ਜਿੰਨੀ ਆਬਾਦੀ ਜ਼ਿਲ੍ਹਾ ਐੱਸ ਏ ਐੱਸ ਨਗਰ ਵਿੱਚ ਹੋ ਚੁੱਕੀ ਹੈ, ਉਸ ਨਾਲ ਤਾਂ ਸਬਜ਼ੀਆਂ ਤੇ ਦੁੱਧ ਦੀ ਮੰਗ ਹੀ ਬਹੁਤ ਵਧ ਚੁੱਕੀ ਹੈ। ਜੇਕਰ ਕਿਸਾਨ ਦੁੱਧ ਤੇ ਸਬਜ਼ੀਆਂ ਦਾ ਕਿੱਤਾ ਅਪਨਾਉਣ ਤਾਂ ਬਹੁਤ ਮੁਨਾਫ਼ਾ ਖੱਟ ਸਕਦੇ ਹਨ।

ਕਿਸਾਨ ਮੇਲੇ ’ਚ ਪੁੱਜੇ ਹਲਕਾ ਡੇਰਾਬਸੀ ਦੇ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਹੁਣ ਤਕ ਪੰਜਾਬ ਦਾ ਕਿਸਾਨ ਲੁੱਟਿਆ ਤੇ ਪੱਟਿਆ ਗਿਆ ਹੈ। ਕਿਸਾਨ ਕਰਜ਼ੇ ਦੇ ਪੈਸੇ ਵਿੱਚੋਂ ਖਾਦ ਖਰੀਦਦਾ ਸੀ ਤੇ ਉਹ ਨਕਲੀ ਨਿੱਕਲ ਜਾਂਦੀ ਸੀ ਤੇ ਕਿਸਾਨ ਦੀ ਫਸਲ ਬਰਬਾਦ ਹੋ ਜਾਂਦੀ ਸੀ। ਇਸ ਤਰ੍ਹਾਂ ਉਹ ਕਰਜ਼ੇ ਦੇ ਬੋਝ ਹੇਠ ਦੱਬਦਾ ਹੀ ਗਿਆ। ਮੌਜੂਦਾ ਭਗਵੰਤ ਸਿੰਘ ਮਾਨ ਸਰਕਾਰ ਨੇ ਇਸ ਬਾਬਤ ਸਖ਼ਤ ਕਦਮ ਚੁੱਕੇ ਹਨ ਤੇ ਕਿਸਾਨਾਂ ਨੂੰ ਕੁਝ ਰਾਹਤ ਮਿਲੀ ਹੈ। ਉਹਨਾਂ ਨੇ ਇਸ ਮੌਕੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਕੱਲੇ ਖਾਦ ਕੰਪਨੀਆਂ ਦੇ ਲਾਇਸੈਂਸ ਰੱਦ ਕਰ ਕੇ ਗੱਲ ਨਹੀਂ ਬਣੇਗੀ, ਕਿਸਾਨਾਂ ਦਾ ਖਰਾਬ ਹੋਇਆ ਪੈਸਾ ਵੀ ਉਹਨਾਂ ਨੂੰ ਦਵਾਇਆ ਜਾਵੇ। ਕਿਸਾਨੀ ਨਾਲ ਸਬੰਧਤ ਹਰ ਪੱਧਰ ਦੇ ਅਫ਼ਸਰ ਆਪਣੀ ਜ਼ਿੰਮੇਵਾਰੀ ਵੱਧ ਚੜ੍ਹ ਕੇ ਨਿਭਾਉਣ ਤੇ ਸੰਜੀਦਗੀ ਨਾਲ ਕੰਮ ਕਰਨ।

ਰੰਧਾਵਾ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਕਿਸਾਨਾਂ ਦੀ ਬਿਹਤਰੀ ਲਈ ਵੱਖੋ-ਵੱਖ ਪ੍ਰੋਜੈਕਟਾਂ ਬਾਬਤ ਪ੍ਰਸਤਾਵ ਬਣਾ ਕੇ ਉਹਨਾਂ ਨੂੰ ਦੇਣ ਤੇ ਉਹ ਪ੍ਰੋਜੈਕਟ ਪਾਸ ਕਰਵਾ ਕੇ ਦੇਣਗੇ। ਉਹਨਾਂ ਕਿਹਾ ਕਿ ਜਿਹੜੇ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਲਈ ਖਰੀਦੀਆਂ ਮਸ਼ੀਨਾਂ ਦੀ ਸਬਸਿਡੀ ਸਬੰਧੀ ਦਿੱਕਤ ਆਈ ਹੈ, ਉਹ ਫੌਰੀ ਦਿੱਤੀ ਜਾ ਰਹੀ ਹੈ। ਉਹਨਾਂ ਨੇ ਨਾਲ ਹੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਰਾਲੀ ਦੀਆਂ ਗੱਠਾਂ ਰੱਖਣ ਲਈ ਸਰਕਾਰੀ ਤੌਰ ਉੱਤੇ ਡੰਪ ਤਿਆਰ ਕਰ ਕੇ ਦਿੱਤਾ ਜਾਵੇ।

ਇਸ ਮੌਕੇ ਵਿਧਾਇਕ ਰੰਧਾਵਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਸਾਦੀ ਜ਼ਿੰਦਗੀ ਜਿਊਣ ਵੱਲ ਧਿਆਨ ਕੇਂਦਰਤ ਕਰਨ। ਉਹਨਾਂ ਇਹ ਵੀ ਕਿਹਾ ਕਿ ਜਿਪਸਮ ਦੀ ਵਰਤੋਂ ਕਰ ਕੇ ਜ਼ਮੀਨਾਂ ਨੂੰ ਹੋਰ ਵਧੀਆ ਬਣਾਇਆ ਜਾਵੇ। ਉਹਨਾਂ ਕਿਹਾ ਕਿ ਜਿਹੜੇ ਲੋਕ ਸਮਾਜ ਲਈ ਕੋਈ ਚੰਗਾ ਕੰਮ ਕਰਦੇ ਹਨ, ਉਹਨਾਂ ਦਾ ਸਨਮਾਨ ਲਾਜ਼ਮੀ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹੈ ਤੇ ਉਹਨਾਂ ਦੀਆਂ ਸਾਰੀਆਂ ਦਿੱਕਤਾਂ ਦੂਰ ਕੀਤੀਆਂ ਜਾਣਗੀਆਂ। ਬੇਸ਼ੱਕ ਕੇਂਦਰ ਨੇ ਫੰਡ ਰੋਕੇ ਹਨ ਪਰ ਫੇਰ ਵੀ ਪਿੰਡਾਂ ਦੀਆਂ ਸੜ੍ਹਕਾਂ ਨੂੰ ਹਰ ਹਾਲ ਬਣਾਇਆ ਜਾਏਗਾ। ਇਸ ਦੇ ਨਾਲ ਨਾਲ ਸੜਕਾਂ ਕਾਰਨ ਪਾਣੀ ਦੇ ਵਹਾਅ ਸਬੰਧੀ ਦਰਪੇਸ਼ ਦਿੱਕਤਾਂ ਵੀ ਦੂਰ ਕੀਤੀਆਂ ਜਾਣਗੀਆਂ।

ਸਮਾਗਮ ਨੂੰ ਸੰਬੋਧਨ ਕਰਦਿਆਂ ਡਾਇਰੈਕਟਰ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਸ. ਜਸਵੰਤ ਸਿੰਘ ਨੇ ਕਿਹਾ ਕਿ ਕਿਸਾਨ ਪਾਣੀ ਦੀ ਸੰਭਾਲ ਦੇ ਮੱਦੇਨਜ਼ਰ ਝੋਨੇ ਦੀਆਂ ਘੱਟ ਸਮੇਂ ਵਾਲੀਆਂ ਕਿਸਮਾਂ ਜਿਵੇਂਕਿ ਪੀ.ਆਰ. 126 ਵਰਗੀਆਂ ਕਿਸਮਾਂ ਲਾਉਣ ਨੂੰ ਤਰਜੀਹ ਦੇਣ। ਉਹਨਾਂ ਦੱਸਿਆ ਕਿ ਸੂਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਹੇਠ ਕਰੀਬ 30 ਫ਼ੀਸਦ ਰਕਬਾ ਵਧਿਆ ਹੈ। ਉਹਨਾਂ ਕਿਹਾ ਕਿ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਪੰਜਾਬ ਖੇਤੀਬਾੜੀ ਯੂਨੀਵਰਸਟੀ ਦੀਆਂ ਸਿਫਾਰਸ਼ਾਂ ਵੀ ਲਾਗੂ ਕਰਨ। ਅੱਜ ਦੇ ਸਮੇਂ ਕਿਸਾਨ ਬਾਸਮਤੀ ਵੱਲ ਵੀ ਆਪਣੇ ਕਦਮ ਜ਼ਰੂਰ ਵਧਾਉਣ ਤੇ ਨਾਲ ਪੀ.ਐਮ.ਕਿਸਾਨ ਨਿਧੀ ਯੋਜਨਾ ਦਾ ਵੀ ਵੱਧ ਤੋਂ ਵੱਧ ਲਾਹਾ ਲੈਣ।

ਉਹਨਾਂ ਕਿਹਾ ਵਿਭਾਗ ਵੱਲੋਂ ਦਿੱਤੀ ਮਸ਼ੀਨਰੀ ਸਦਕਾ ਪਿਛਲੇ ਸਾਲ ਪਰਾਲੀ ਨੂੰ ਅੱਗ ਬਹੁਤ ਘੱਟ ਲੱਗੀ ਪਰ ਇਸ ਵਾਰ ਜ਼ੀਰੋ ਬਰਨਿੰਗ ਦਾ ਟੀਚਾ ਰੱਖਿਆ ਗਿਆ ਹੈ। ਉਹਨਾਂ ਦੱਸਿਆ ਕਿ 15 ਤੋਂ 20 ਦਿਨ ਦੇ ਵਿੱਚ ਵਿੱਚ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਸਬੰਧੀ ਮਸ਼ੀਨਾਂ ਦੀ ਸਬਸਿਡੀ ਖਾਤੇ ਵਿੱਚ ਮਿਲ ਜਾਵੇਗੀ। ਉਹਨਾਂ ਇਹ ਵੀ ਕਿਹਾ ਕਿ ਕਸਟਮ ਹਾਏਰਿੰਗ ਸੈਂਟਰ ਜਾਂ ਕਿਸਾਨ ਗਰੁੱਪ ਅੱਗੇ ਆ ਕੇ 19 ਜੁਲਾਈ ਤਕ ਦਸਤੀ ਅਰਜ਼ੀ ਮੁੱਖ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਵਿਖੇ ਦੇ ਸਕਦੇ ਹਨ। ਪੂਰੇ ਪੰਜਾਬ ਵਿੱਚ 23 ਹਜ਼ਾਰ ਮਸ਼ੀਨਾਂ ਦਿੱਤੀਆਂ ਜਾਣੀਆਂ ਹਨ। ਉਹਨਾਂ ਦੱਸਿਆ ਕਿ ਪਿੰਡਾਂ ਦੀਆਂ ਸਹਿਕਾਰੀ ਸੁਸਾਇਟੀਆਂ ਵਿੱਚੋਂ ਖਾਦ ਦੇ ਸੈਂਪਲ ਲਗਾਤਾਰ ਭਰੇ ਜਾ ਰਹੇ ਹਨ। ਜੇਕਰ ਕਿਤੇ ਵੀ ਕੋਈ ਬੇਨਿਯਮੀ ਸਾਹਮਣੇ ਆਉਂਦੀ ਹੈ ਤਾਂ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਮੌਕੇ ਐੱਸ ਡੀ ਐਮ ਮੋਹਾਲੀ ਸ਼੍ਰੀ ਦੀਪਾਂਕਰ ਗਰਗ ਤੇ ਐੱਸ ਡੀ ਐਮ ਡੇਰਾਬਸੀ ਸ਼੍ਰੀ ਹਿਮਾਂਸ਼ੂ ਗੁਪਤਾ ਨੇ ਵੀ ਸੰਬੋਧਨ ਕੀਤਾ। ਇਸ ਦੌਰਾਨ ਵੱਖ ਵੱਖ ਖੇਤੀ ਮਾਹਰਾਂ ਵੱਲੋਂ ਵੱਖੋ-ਵੱਖ ਵਿਸ਼ਿਆਂ ਉੱਤੇ ਕਿਸਾਨਾਂ ਨਾਲ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ ਗਈ ਤੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ।

ਇਸ ਕੈਂਪ ਦੌਰਾਨ ਵੱਖੋ ਵੱਖ ਵਿਭਾਗਾਂ ਵਲੋਂ ਲਾਈ ਪ੍ਰਦਰਸ਼ਨੀ ਦਾ ਵੀ ਕਿਸਾਨਾਂ ਨੇ ਲਾਭ ਲਿਆ। ਇਸ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਐੱਸ ਏ ਐੱਸ ਨਗਰ ਡਾ. ਗੁਰਮੇਲ ਸਿੰਘ, ਸਹਾਇਕ ਪ੍ਰੋਫ਼ੈਸਰ ਕੇ ਵੀ ਕੇ ਹਰਮੀਤ ਕੌਰ, ਸੁਖਮਨ ਬਾਠ ਡਿਪਟੀ ਸੀ ਈ ਓ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਡਾ. ਬੀ ਐਸ ਖੱਡਾ ਡਿਪਟੀ ਡਾਇਰੈਕਟਰ ਕੇ ਵੀ ਕੇ ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਵੱਡੀ ਗਿਣਤੀ ’ਚ ਕਿਸਾਨ ਮੌਜੂਦ ਸਨ। ਇਸ ਮੌਕੇ ਖੇਤੀਬਾੜੀ ਅਤੇ ਸਹਾਇਕ ਕਿੱਤਿਆਂ ਨਾਲ ਸਬੰਧਤ ਵੱਖ-ਵੱਖ ਵਿਭਾਗਾਂ ਵੱਲੋਂ ਪ੍ਰਦਰਸ਼ਨੀ ਸਟਾਲ ਲਾ ਕੇ ਮੇਲੇ ’ਚ ਪੁੱਜੇ ਕਿਸਾਨਾਂ ਨੂੰ ਵਡਮੁੱਲੀ ਜਾਣਕਾਰੀ ਵੀ ਦਿੱਤੀ ਗਈ।

dawn punjab
Author: dawn punjab

Leave a Comment

RELATED LATEST NEWS

Top Headlines

Live Cricket

Rashifal