ਐਸ.ਏ.ਐਸ.ਨਗਰ :
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਹਰ ਵਰਗ ਦੇ ਹਿੱਤਾਂ ਲਈ ਲਗਾਤਾਰ ਕੰਮ ਰਹੀ ਹੈ। ਇਸ ਦਿਸ਼ਾ ਵਿੱਚ ਇਕ ਹੋਰ ਕਦਮ ਚੁੱਕਦਿਆਂ ਦਿਵਿਆਂਗਜਨਾਂ ਨੂੰ ਪੰਜਾਬ ਦੇ ਰਾਸਟਰੀ ਰਾਜਮਾਰਗਾਂ ‘ਤੇ ਟੋਲ ਵਿੱਚ 100 ਫੀਸਦੀ ਛੋਟ ਦਿੱਤੀ ਗਈ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਦਿਵਿਆਂਗਜਨਾਂ ਦੇ ਨਾਮ ਤੇ ਰਜਿਸਟਰਡ ਵਹੀਕਲ, ਜੋ ਕਿ ਮੋਟਰ ਵਹੀਕਲ ਐਕਟ, 1988 ਅਤੇ ਇਸ ਦੇ ਅਧੀਨ ਬਣੇ ਨਿਯਮਾਂ ਦੇ ਅਧੀਨ ਦਿਵਿਆਂਗਜਨ ਮਲਕੀਅਤ ਅਧੀਨ ਰਜਿਸਟਰ ਹੋਏ ਹੋਣ, ਨੂੰ ਰਾਸ਼ਟਰੀ ਰਾਜਮਾਰਗਾਂ ਤੇ ਟੋਲ ਵਿੱਚ 100 ਪ੍ਰਤੀਸ਼ਤ ਰਿਆਇਤ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦਿਵਿਆਂਗਜਨਾਂ ਨੂੰ ਆਪਣੇ ਵਹੀਕਲਜ਼ ਦੀ ਰਜਿਸਟਰੇਸ਼ਨ ਸਰਟੀਫਿਕੇਟ ਵਿੱਚ ਮਲਕੀਅਤ ਦਿਵਿਆਂਗਜਨ ਵਜੋਂ ਦਰਜ ਕਰਾਵਾਉਣੀ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਕੋਈ ਵੀ ਦਿਵਿਆਂਗਜਨ ਆਪਣੇ ਨਵੇਂ ਜਾਂ ਪੁਰਾਣੇ ਵਹੀਕਲ ਦੀ ਮਲਕੀਅਤ ਦਿਵਿਆਂਗਜਨ ਵਜੋਂ ਟਰਾਂਸਪੋਰਟ ਵਿਭਾਗ ਵਿੱਚ ਬਿਨੇ ਪੱਤਰ ਦੇ ਕੇ ਰਜਿਸਟਰਡ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਲਾਭ ਲੈਣ ਲਈ ਸਬੰਧਤ ਬਿਨੇਕਾਰਾਂ ਨੂੰ ਛੋਟ ਵਾਲਾ ਸਪੈਸ਼ਲ ਫਾਸਟ ਟੈਗ ਲੈਣਾ ਪਵੇਗਾ, ਜਿਸ ਸਬੰਧੀ ਉਹਨਾਂ ਨੂੰ https://exemptedfastag.nhai.org/exemptedfastag/ ਵੈਬਸਾਈਟ ਤੇ ਆਪਣੇ ਆਪ ਨੂੰ ਰਜਿਸਟਰਡ ਕਰਨਾ ਪਵੇਗਾ ਅਤੇ ਰਜਿਸਟਰੇਸ਼ਨ ਉਪਰੰਤ ਆਨਲਾਈਨ ਫਾਰਮ ਭਰਨ ਉਪਰੰਤ ਸਮਰੱਥ ਅਥਾਰਟੀ ਵੱਲੋਂ ਛੋਟ ਵਾਲਾ ਫਾਸਟ ਟੈਗ ਜਾਰੀ ਕੀਤਾ ਜਾਵੇਗਾ, ਜੋ ਕਿ ਦਿਵਿਆਂਗਜਨ ਨੂੰ ਆਪਣੇ ਵਹੀਕਲ ਤੇ ਲਗਾਉਣਾ ਪਵੇਗਾ।
ਡਿਪਟੀ ਕਮਿਸ਼ਨਰ ਵੱਲੋਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਬੰਧੀ ਜਾਰੀ ਨਿਯਮ ਸਬੰਧੀ ਮੁਕੰਮਲ ਜਾਣਕਾਰੀ ਵਿਭਾਗ ਦੀ ਵੈਬਸਾਈਟ https://sswcd.punjab.gov.in/ਤੇ ਉਪਲਬਧ ਹੈ। ਇਸ ਤੋਂ ਇਲਾਵਾ ਜੇਕਰ ਦਿਵਿਆਂਗਜਨਾਂ ਨੂੰ ਇਸ ਸਹੂਲਤ ਦਾ ਲਾਭ ਲੈਣ ਵਿੱਚ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਇਸ ਸਬੰਧੀ ਉਹ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਜਾਂ ਸਬੰਧਤ ਬਲਾਕ ਦੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਦੇ ਦਫਤਰ ਵਿਖੇ ਸੰਪਰਕ ਕਰ ਸਕਦੇ ਹਨ।