ਮੋਹਾਲੀ :
ਅਨੀਤਾ ਸ਼ਬਦੀਸ਼ ਦੀ ਅਗਵਾਈ ਹੇਠ ਚਲਦੇ ਸੁਚੇਤਕ ਸਕੂਲ ਆਫ਼ ਐਕਟਿੰਗ ਨੇ ਆਪਣੇ ਸਫ਼ਰ ਦੇ ਛੇ ਸਾਲ ਸਫ਼ਲਤਾ ਸਹਿਤ ਮੁਕੰਮਲ ਕੀਤੇ ਹਨ। ਇਸ ਮੌਕੇ ’ਤੇ ਸਿਨੇ ਜਗਤ ਦੀਆਂ ਹਸਤੀਆਂ ਅਦਾਕਾਰ ਕਰਮਜੀਤ ਅਨਮੋਲ ਤੇ ਸਕ੍ਰਿਪਟ ਰਾਇਟਰ ਤੇ ਡਾਇਰੈਕਟਰ ਧੀਰਜ ਰਤਨ ਮੁੱਖ ਬੁਲਾਰੇ ਵਜੋਂ ਹਾਜ਼ਰ ਸਨ। ਉਨ੍ਹਾਂ ਦੋਵਾਂ ਨੇ ਆਪੋ-ਆਪਣੇ ਕਲਾਤਮਕ ਖੇਤਰ ਦੇ ਅਨੁਭਵ ਅਦਾਕਾਰੀ ਸਿੱਖ ਰਹੇ ਕਲਾਕਾਰਾਂ ਨਾਲ ਸਾਂਝੇ ਕੀਤੇ। ਕਰਮਜੀਤ ਅਨਮੋਲ ਨੇ ਬੋਲਦਿਆਂ ਕਿਹਾ ਕਿ ਅਦਾਕਾਰੀ ਦੇ ਲੰਮੇ ਸਫ਼ਰ ਲਈ ਕਿਰਦਾਰ ਵਿੱਚ ਢਲਣ ਦਾ ਚਾਅ ਤੇ ਉਸ ਮੁਤਾਬਕ ਕੀਤੀ ਜਾਣ ਵਾਲੀ ਮਿਹਨਤ ਲਾਜ਼ਮੀ ਲੋੜ ਹੈ। ਉਨ੍ਹਾਂ ਕਿਹਾ ਕਿ ਮੈਂ ਪਿੰਡ ਵਾਸੀ ਹਾਂ, ਜਿੱਥੇ ਆਂਢੀ-ਗਵਾਂਢੀ ਹੀ ਨਹੀਂ, ਉਨ੍ਹਾਂ ਦੇ ਨੇੜਲੇ ਰਿਸ਼ਤੇਦਾਰ ਵੀ ਤੁਹਾਡੇ ਨਾਲ ਜੁੜੇ ਹੁੰਦੇ ਹਨ। ਮੇਰੇ ਕੋਲ ਸਕੂਲੀ ਪੜ੍ਹਾਈ ਵੇਲ਼ੇ ਹੀ ਆਬਜ਼ਰਵ ਕਰਨ ਦੀ ਬਿਰਤੀ ਸੀ। ਉਸ ਵੇਲ਼ੇ ਤਾਂ ਸ਼ਰਾਰਤ ਵਜੋਂ ਹੀ ਲੋਕਾਂ ਦੀ ਨਕਲ ਮਾਰਦਾ ਹੁੰਦਾ ਸਾਂ, ਹੁਣ ਉਹੀ ਮੇਰੇ ਕੰਮ ਆ ਰਹੀ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਕੰਮ ਪ੍ਰਤੀ ਈਮਾਨਦਾਰੀ ਤੇ ਸਹਿਯੋਗੀ ਕਲਾਕਾਰਾਂ ਪ੍ਰਤੀ ਸਤਿਕਾਰ ਵੀ ਅਦਾਕਾਰੀ ਲਈ ਸਹਾਈ ਹੁੰਦੇ ਹਨ। ਉਨ੍ਹਾਂ ਨਵੇਂ ਕਲਾਕਾਰਾਂ ਵੱਲੋਂ ਖੇਡੇ ਨਾਟਕ ‘ਘਰ ਵਾਪਸੀ’ ਦੀ ਪ੍ਰਸੰਸਾ ਕੀਤੀ।
ਹਿੰਦੀ ਤੇ ਪੰਜਾਬੀ ਫ਼ਿਲਮਾਂ ਦੇ ਸਕ੍ਰਿਪਟ ਰਾਇਟਰ ਤੇ ਨਿਰਦੇਸ਼ਕ ਧੀਰਜ ਰਤਨ ਨੇ ਮੁਬੰਈ ਤੇ ਪੰਜਾਬੀ ਫ਼ਿਲਮ ਸਨਅਤ ਦੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਦਰਸ਼ਕ ਓਦੋਂ ਹੀ ਪ੍ਰਭਾਵਤ ਹੁੰਦਾ ਹੈ, ਜਦੋਂ ਕੋਈ ਸਧਾਰਨ ਲਗਦਾ ਕਿਰਦਾਰ ਅਨੋਖਾ ਕਰਤਵ ਕਰ ਵਿਖਾਉਂਦਾ ਹੈ। ਇਹ ਉਹੀ ਅਦਾਕਾਰ ਕਰ ਸਕਦਾ ਹੈ, ਜਿਸਨੂੰ ਆਪਣੇ ਕੰਮ ਨਾਲ ਪਿਆਰ ਹੈ। ਇਸ ਪਿਆਰ ਨੂੰ ਨਿਰਦੇਸ਼ਕ ਕਿਵੇਂ ਦਰਸ਼ਕਾਂ ਤੱਕ ਲੈ ਕੇ ਜਾਂਦਾ ਹੈ; ਇਹ ਉਸਦੀ ਪ੍ਰਤਿਭਾ ਸਦਕਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਜਗਤ ਨੂੰ ਆਮ ਨੌਜਵਾਨ ਗਲੈਮਰ ਵਜੋਂ ਲੈਂਦੇ ਹਨ, ਪਰ ਇਹ ਜੀਵਨ ਨੂੰ ਸਕਰੀਨ ’ਤੇ ਜੀਣ ਦੀ ਕਲਾ ਹੈ। ਧੀਰਜ ਰਤਨ ਨੇ ਇਹ ਵੀ ਕਿਹਾ ਕਿ ਕਲਾਕਾਰ ਦਾ ਪ੍ਰਤਿਭਾਸ਼ਾਲੀ ਹੋਣਾ ਹੀ ਸਫ਼ਲਤਾ ਦਾ ਰਾਜ਼ ਹੈ। ਜੇ ਪਰਿਵਾਰਕ ਪਛਾਣ ਹੀ ਆਧਾਰ ਹੁੰਦੀ ਤਾਂ ਹਰ ਸਟਾਰ ਦਾ ਬੱਚਾ ਸਟਾਰ ਬਣ ਸਕਦਾ ਸੀ। ਇਹਦੇ ਉਲਟ ਜਾਂਦੀਆਂ ਮਿਸਾਲਾਂ ਦੱਸਦੀਆਂ ਹਨ ਕਿ ਸਟਾਰ ਕੋਲ ਤਾਂ ਆਮ ਲੋਕਾਂ ਦੇ ਜੀਵਨ ਹੁੰਦਾ ਹੈ, ਪਰ ਉਨ੍ਹਾਂ ਦੇ ਬੱਚੇ ਵੱਖਰੀ ਦੁਨੀਆਂ ਵਿੱਚ ਜੀਅ ਰਹੇ ਹਨ।
ਸੁਚੇਤਕ ਸਕੂਲ ਆਫ਼ ਐਕਟਿੰਗ ਦੀ ਸੰਚਾਲਕ ਅਨੀਤਾ ਸ਼ਬਦੀਸ਼ ਨੇ ਕਿਹਾ ਸਾਡਾ ਐਕਟਿੰਗ ਸਕੂਲ ਖੋਲ੍ਹਣ ਦਾ ਮਕਸਦ ਇਹੀ ਹੈ ਕਿ ਨਵੇਂ ਅਦਾਕਾਰ ਸਿਨੇ ਜਗਤ ਵਿੱਚ ਸਿੱਖ ਕੇ ਜਾਣ ਅਤੇ ਆਪਣੇ ਸਫ਼ਰ ਨੂੰ ਪੱਕੇ ਪੈਰੀਂ ਤੈਅ ਕਰ ਸਕਣ।
