ਬਿਰਧ ਆਸ਼ਰਮ ਵਾਸਤੇ ਜ਼ਮੀਨ ਮਿਲਣ ਉੱਤੇ ਕੀਤਾ ਖੁਸ਼ੀ ਦਾ ਪ੍ਰਗਟਾਵਾ, ਵੰਡੇ ਲੱਡੂ
ਮੋਹਾਲੀ: ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੱਲੋਂ ਕੀਤੇ ਗਏ ਯਤਨਾ ਸਦਕਾ ਮੋਹਾਲੀ ਵਿੱਚ ਓਲਡ ਏਜ ਹੋਮ ਵਾਸਤੇ ਲਗਭਗ ਤਿੰਨ ਏਕੜ ਜਮੀਨ ਅਲਾਟ ਹੋਣ ਦੀ ਖੁਸ਼ੀ ਵਿੱਚ ਮੋਹਾਲੀ ਸੀਨੀਅਰ ਸਿਟੀਜਨ ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਫੇਜ਼ 3 ਬੀ1 ਦੇ ਰੋਜ਼ ਗਾਰਡਨ ਵਿੱਚ ਸਥਿਤ ਲਾਇਬਰੇਰੀ ਵਿਖੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਲੱਡੂ ਵੀ ਵੰਡੇ ਗਏ।
ਇਸ ਮੌਕੇ ਸੰਸਥਾ ਦੇ ਸਾਬਕਾ ਪ੍ਰਧਾਨ ਐਸ ਚੌਧਰੀ ਨੇ ਕਿਹਾ ਕਿ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਮੋਹਾਲੀ ਦੇ ਲੋਕ ਹਿੱਤ ਦੇ ਮਸਲਿਆਂ ਵਾਸਤੇ ਲੜਾਈ ਲੜਦੇ ਆ ਰਹੇ ਹਨ ਅਤੇ ਜਿੱਥੇ ਅਦਾਲਤਾਂ ਵਿੱਚ ਮੋਹਾਲੀ ਦੇ ਮੁੱਦਿਆਂ ਲਈ ਲੜਾਈ ਲੜਦੇ ਹਨ ਉਥੇ ਹਰ ਤਰ੍ਹਾਂ ਨਾਲ ਮੋਹਾਲੀ ਦੇ ਲੋਕਾਂ ਦੇ ਨਾਲ ਖੜਦੇ ਹਨ। ਉਹਨਾਂ ਕਿਹਾ ਕਿ 10 ਸਾਲ ਲੜਾਈ ਲੜ ਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੋਹਾਲੀ ਵਿੱਚ ਓਲਡ ਏਜ ਹੋਮ ਵਾਸਤੇ ਜ਼ਮੀਨ ਦਿਵਾਈ ਹੈ ਜੋ ਅੱਜ ਦੇ ਸਮੇਂ ਦੇ ਪ੍ਰਪੇਖ ਵਿੱਚ ਸੀਨੀਅਰ ਸਿਟੀਜਨਾਂ ਦੇ ਹੱਕ ਵਿੱਚ ਇੱਕ ਬਹੁਤ ਵੱਡੀ ਉਪਲਬਧੀ ਹੈ।
ਇਸ ਮੌਕੇ ਬੋਲਦਿਆਂ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੌਜੂਦਾ ਸਮਾਜਿਕ ਤਾਣੇ ਬਾਣੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨ ਵਿਦੇਸ਼ਾਂ ਵੱਲ ਰੁਖ ਕਰ ਰਹੇ ਹਨ। ਉਹਨਾਂ ਦੇ ਬਜ਼ੁਰਗ ਮਾਪੇ ਇੱਥੇ ਇਕੱਲਤਾ ਵਾਲਾ ਜੀਵਨ ਬਤੀਤ ਕਰਦੇ ਹਨ ਅਤੇ ਡਿਪਰੈਸ਼ਨ ਵਿੱਚ ਵੀ ਚਲੇ ਜਾਂਦੇ ਹਨ। ਉਹਨਾਂ ਕਿਹਾ ਕਿ ਦੂਜੇ ਪਾਸੇ ਕਈ ਨੌਜਵਾਨ ਆਪਣੇ ਬਜ਼ੁਰਗ ਮਾਪਿਆਂ ਦੀ ਅਣਦੇਖੀ ਕਰਦੇ ਹਨ ਅਤੇ ਉਹਨਾਂ ਨੂੰ ਆਪਣੇ ਨਾਲ ਨਹੀਂ ਰੱਖਣਾ ਚਾਹੁੰਦੇ। ਉਹਨਾਂ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਬਿਰਧ ਆਸ਼ਰਮ ਇੱਕ ਅਜਿਹੀ ਥਾਂ ਹੈ ਜਿੱਥੇ ਅਜੇ ਇਹ ਬਜ਼ੁਰਗ ਆਪਣੀ ਇਕੱਲਤਾ ਨੂੰ ਵੀ ਦੂਰ ਕਰ ਸਕਦੇ ਹਨ ਅਤੇ ਆਪਣੀ ਆਖਰੀ ਜ਼ਿੰਦਗੀ ਨੂੰ ਬਿਹਤਰ ਤਰੀਕੇ ਨਾਲ ਬਤੀਤ ਕਰ ਸਕਦੇ ਹਨ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਇਸੇ ਮਕਸਦ ਨੂੰ ਲੈ ਕੇ ਉਹਨਾਂ ਨੇ 10 ਸਾਲ ਪਹਿਲਾਂ ਅਦਾਲਤ ਵਿੱਚ ਕੇਸ ਪਾਇਆ ਸੀ ਕਿਉਂਕਿ ਕਾਨੂੰਨ ਇਹ ਪ੍ਰਾਵਧਾਨ ਕਰਦਾ ਹੈ ਕਿ ਬਜ਼ੁਰਗਾਂ ਵਾਸਤੇ ਭਾਰਤ ਭਰ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ ਇੱਕ ਬਿਰਧ ਆਸ਼ਰਮ ਜਰੂਰ ਹੋਵੇ। ਉਹਨਾਂ ਕਿਹਾ ਕਿ ਉਹਨਾਂ ਨੇ ਤਾਂ ਮੋਹਾਲੀ ਸਮੇਤ ਪੰਜਾਬ ਨੂੰ ਕੇਂਦਰ ਬਿੰਦੂ ਵਿੱਚ ਰੱਖ ਕੇ ਇਹ ਕੇਸ ਪਾਇਆ ਸੀ ਪਰ ਮਾਨਯੋਗ ਅਦਾਲਤ ਨੇ ਹਰਿਆਣਾ ਨੂੰ ਵੀ ਇਸ ਦੇ ਨਾਲ ਜੋੜ ਦਿੱਤਾ ਅਤੇ ਅੱਜ ਹਰਿਆਣਾ ਨੇ ਵੀ ਐਲਾਨ ਕਰ ਦਿੱਤਾ ਹੈ ਕਿ 2024 ਤੱਕ ਹਰਿਆਣਾ ਵਿੱਚ 22 ਬਿਰਦ ਆਸ਼ਰਮ ਬਣਨਗੇ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸੀਨੀਅਰ ਸਿਟੀਜਨ ਐਸੋਸੀਏਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੰਸਥਾ ਬਜ਼ੁਰਗਾਂ ਦੀ ਭਲਾਈ ਵਾਸਤੇ ਬਹੁਤ ਵਧੀਆ ਕੰਮ ਕਰ ਰਹੀ ਹੈ ਅਤੇ ਸਮਾਜ ਵਿੱਚ ਬਜ਼ੁਰਗਾਂ ਦੇ ਮਹੱਤਵ ਦਾ ਅਹਿਸਾਸ ਵੀ ਕਰਵਾ ਰਹੀ ਹੈ। ਉਹਨਾਂ ਇਸ ਮੌਕੇ ਸੰਸਥਾ ਦੇ ਅਹੁਦੇਦਾਰਾਂ ਦਾ ਸਮਾਜ ਵਿੱਚ ਪਾਏ ਜਾ ਰਹੇ ਯੋਗਦਾਨ ਪ੍ਰਤੀ ਧੰਨਵਾਦ ਵੀ ਕੀਤਾ।
ਇਸ ਮੌਕੇ ਸੁਖਵਿੰਦਰ ਸਿੰਘ ਸਕੱਤਰ ਜਨਰਲ, ਬਲਬੀਰ ਸਿੰਘ ਅਰੋੜਾ ਸਕੱਤਰ ਵਿੱਤ, ਮਨਜੀਤ ਸਾਹਨੀ, ਸੀਮਾ ਰਾਵਤ ਲਾਈਬ੍ਰੇਰੀਅਨ, ਭੁਪਿੰਦਰ ਸਿੰਘ ਬਲ ਸਕੱਤਰ ਵੈਲਫੇਅਰ, ਭਗਵੰਤ ਸਿੰਘ, ਬੀਐਸ ਚਾਵਲਾ ਆਦਿ ਹਾਜ਼ਰ ਸਨ।