ਚੰਡੀਗੜ੍ਹ :
ਪੰਜਾਬ ਕਲਾ ਪ੍ਰੀਸ਼ਦ ਵੱਲੋਂ ਨਾਰੀ ਸ਼ਕਤੀ ਦੇ ਤਹਿਤ ਚੱਲ ਰਹੇ ਆਯੋਜਨ ਦੌਰਾਨ ਸੁਚੇਤਕ ਰੰਗਮੰਚ ਮੋਹਾਲੀ ਵੱਲੋਂ ਬਲਾਤਕਾਰ ਦੇ ਕੁਕਰਮ ਨਾਲ਼ ਜੁੜੀਆਂ ਸੱਚੀਆਂ ਘਟਨਾਵਾਂ ਦਾ ਨਾਟਕੀ ਰੂਪਾਂਤਰ ‘ਮਨ ਮਿੱਟੀ ਦਾ ਬੋਲਿਆ’ ਵਜੋਂ ਪੇਸ਼ ਕੀਤਾ। ਇਸ ਸੋਲੋ ਨਾਟਕ ਦੀ ਸਕ੍ਰਿਪਟ ਸ਼ਬਦੀਸ਼ ਨੇ ਤਿਆਰ ਕੀਤੀ ਹੈ, ਜਿਸਦੀ ਨਿਰਦੇਸ਼ਕ ਅਨੀਤਾ ਸ਼ਬਦੀਸ਼ ਹੈ ਅਤੇ ਉਸਨੇ ਹੀ ਅਦਾਕਾਰੀ ਕੀਤੀ ਹੈ। ਇਸ ਨਾਟਕ ਦੇ ਕੇਂਦਰ ਵਿੱਚ ਮਰਦ-ਪਧਾਨ ਸਮਾਜ ਦਾ ਔਰਤ ਪ੍ਰਤੀ ਨਜ਼ਰੀਆ ਹੈ, ਪਰ ਨਾਟਕ ਮਰਦ ਵਿਰੋਧੀ ਨਾਰੀਵਾਦ ਸ਼ਿਕਾਰ ਨਹੀਂ ਹੈ।
ਇਸ ਨਾਟਕ ਦੀਆਂ ਘਟਨਾਵਾਂ ਸਮਾਜ ਦੇ ਅਤਿਅੰਤ ਗਰੀਬ ਤੇ ਮੱਧ ਵਰਗੀ ਪਰਿਵਾਰਾਂ ਵਿੱਚ ਵਾਪਰਦੀਆਂ ਹਨ, ਜਿਨ੍ਹਾਂ ਨੂੰ ਇੱਕ ਲੜੀ ਵਿੱਚ ਪ੍ਰੋਣ ਦਾ ਕੰਮ ਪੜ੍ਹੀ-ਲਿਖੀ ਮੁਟਿਆਰ ਕਰਦੀ ਹੈ। ਉਹ ਅੰਗਰੇਜ਼ੀ ਭਾਸ਼ਾ ਦੀ ਲੇਖਿਕਾ ਵਰਜੀਨੀਆ ਵੁਲਫ਼ ਦੇ ਹਵਾਲੇ ਨਾਲ਼ ਮਰਦ ਪ੍ਰਧਾਨ ਮਨੋਦਸ਼ਾ ਨੂੰ ਕਾਵਿਕ ਅੰਦਾਜ਼ ਵਿੱਚ ਸਾਂਝਾ ਕਰਦੀ ਹੋਈ ਨਾਟ-ਕਥਾ ਦਾ ਆਗਾਜ਼ ਕਰਦੀ ਹੈ। ਇਸ ਸੰਕੇਤਕ ਹਵਾਲੇ ਬਾਅਦ ਭਾਰਤੀ ਸਮਾਜ ਵੱਲ ਪਰਤਦੀ ਹੈ, ਜਿੱਥੇ ‘ਸੂਰਜ ਨੂੰ ਅਧਰੰਗ’ ਹੋ ਚੁੱਕਾ ਹੈ। ਇਸ ਸਮਾਜ ਵਿੱਚ ਜਿਉਂਦੀ ਔਰਤ ਦੀ ਹੋਣੀ-ਅਨਹੋਣੀ ਦਰਸਾਉਂਦੇ ਕਿਰਦਾਰ ਹੀ ਨਾਟ-ਕਥਾ ਸੁਣਾ ਰਹੇ ਹਨ।
ਇਸ ਨਾਟਕ ਦੀ ਕਹਾਣੀ ਭਾਰਤ ਮਹਾਨ ਦੀ ਰਾਜਧਾਨੀ ਵਿੱਚ ਹੋਏ ਰੇਪ ਕਾਂਡ ਦੇ ਸਮਾਨਅੰਤਰ ਵਾਪਰਦੀ ਹੈ, ਜਿਸਨੂੰ ਆਪਣੇ ਹੀ ਦੇਸ਼ ਅੰਦਰ ਦੁਖਾਂਤ ਭੋਗਣਾ ਪੈਂਦਾ ਹੈ। ਇਸਦਾ ਇੱਕ ਪਾਸਾਰ ਨਸ਼ੇ ਦੀ ਸੌਦਾਗਰੀ ਕਾਰਨ ‘ਚਿੱਟੇ ਦੀ ਕਾਲ਼ੀ ਸੁਰੰਗ’ ਵਿੱਚ ਧਸਦੀ ਪੰਜਾਬ ਦੀ ਜਵਾਨੀ ਦਾ ਸੱਚ ਹੈ, ਜਿਸਦਾ ਪਸਰਦਾ ਦਾਇਰਾ ਸਿਆਸੀਕਰਨ ਤਹਿਤ ਘਟਾ-ਵਧਾ ਕੇ ਪੇਸ਼ ਕਰਦੇ ਸਰਕਾਰੀ ਇਸ਼ਤਿਹਾਰਾਂ ਵਿੱਚ ਵੇਖ ਸਕਦੇ ਹਾਂ, ਜੋ ਸਚਾਈ ਜ਼ਾਹਰ ਕਰਨ ਤੋਂ ਵੱਧ ਪਰਦਾਪੋਸ਼ੀ ਦੇ ਯਤਨ ਕਰਦੇ ਹਨ।
ਨਾਟਕੀ ਕਥਾ ਦਾ ਆਗਾਜ਼ ਘਰ ਵਿੱਚ ਹੀ ਪਿਉ ਤੇ ਦਾਦੇ ਦੀ ਹਵਸ ਦਾ ਸ਼ਿਕਾਰ ਮਾਸੂਮ ਕੁੜੀ ਦੇ ਕਾਤਲ ਬਣਨ ਤੱਕ ਜਾਂਦਾ ਹੈ। ਇਸਦਾ ਦੂਜਾ ਕਿਰਦਾਰ ਬਾਗ਼ੀਆਨਾ ਬਿਰਤੀ ਪੇਸ਼ ਕਰਦੀ ਔਰਤ ਹੈ, ਜੋ ਆਪਣੇ ਦਰਦ ਨੂੰ ਕੜਵੇ ਤੇ ਖ਼ਰਵੇ ਸ਼ਬਦਾਂ ਵਿੱਚ ਸਾਹਮਣੇ ਲਿਆਉਂਦੀ ਹੈ।
ਇਸਦਾ ਤੀਜ਼ਾ ਕਿਰਦਾਰ ਵੀਨਸ ਨਾਂ ਦੀ ਮੱਧਵਰਗੀ ਮੁਟਿਆਰ ਹੈ, ਜਿਸਦੇ ਧੁਰ ਅੰਦਰ ਨੇਕਤਵ ਦੇ ਵਿਸ਼ਵਾਸ ਦਾ ਵਾਸਾ ਹੈ। ਇਹ ਵਿਸ਼ਵਾਸ਼ ਹੀ ਉਸ ਲਈ ਸੰਕਟ ਬਣ ਜਾਂਦਾ ਹੈ, ਕਿਉਂਕਿ ਸਮਾਜੀ ਬਣਤਰ ਦੇ ਘੜੇ ਮਰਦ ਲਈ ਔਰਤ ਦਾ ਵਿਸ਼ਵਾਸ਼ ਵੀ ਸੋਸ਼ਣ ਦਾ ਸੰਦ ਬਣ ਜਾਂਦਾ ਹੈ। ਉਹ ਆਪਣੇ ਹੀ ਘਰ ਵਿੱਚ ‘ਦੋਸਤ ਦੀ ਦੋਸਤੀ ਦਾ ਸ਼ਿਕਾਰ’ ਹੁੰਦੀ ਹੈ। ਉਹ ਆਮ ਭਾਰਤੀ ਔਰਤ ਵਾਂਗ ਖ਼ੁਦਕੁਸ਼ੀ ਦਾ ਰਾਹ ਚੁਣਦੀ ਹੈ, ਪਰ ਅਚਾਨਕ ਉਸਨੂੰ ਲਗਦਾ ਹੈ ਕਿ ਪਾਕਿਸਤਾਨ ਵਿੱਚ ਪੰਚਾਇਤ ਦੇ ਫ਼ਰਮਾਨ ‘ਤੇ ਬਲਾਤਕਾਰ ਦੀ ਸ਼ਿਕਾਰ ਹੋਈ ਮੁਖ਼ਤਾਰਾਂ ਮਾਈ ਗਲ਼ ਵਿੱਚ ਪਿਆ ਫੰਦਾ ਖੋਲ੍ਹ ਰਹੀ ਹੈ। ਇਸ ਤਰ੍ਹਾਂ ਨਾਟਕ ਆਪਣੇ ਸਿਖ਼ਰ ਵੱਲ ਵਧਣ ਲਈ ਗਵਾਂਢੀ ਦੇਸ਼ ਦੀ ਔਰਤ ਦੇ ਜੀਵਨ-ਸੱਚ ਨਾਲ਼ ਜੁੜੇ ਸਵਾਲਾਂ ਨੂੰ ਕਲਾਵੇਂ ਵਿੱਚ ਲੈ ਲੈਂਦਾ ਹੈ। ਇਸ ਤਰ੍ਹਾਂ ਨਾਟਕ ਮਨੋਦਸ਼ਾ ਦੇ ਸਵਾਲ ਨੂੰ ਸਰਹੱਦਾਂ ਤੋਂ ਪਾਰ ਲੈ ਜਾਂਦਾ ਹੈ ਅਤੇ ਇਹ ਅਮੀਰੀ-ਗ਼ਰੀਬੀ ਦੀਆਂ ਦੀਵਾਰਾਂ ਵੀ ਤੋੜ ਦਿੰਦੀ ਹੈ।
ਇਨ੍ਹਾਂ ਸਾਰੇ ਕਿਰਦਾਰਾਂ ਨੂੰ ਅਨੀਤਾ ਸ਼ਬਦੀਸ਼ ਨੇ ਬਾਖ਼ੂਬੀ ਅਦਾ ਕੀਤਾ। ਇਸ ਨਾਟਕ ਦੀ ਇੱਕ ਖ਼ੂਬੀ ਇਹ ਵੀ ਰਹੀ ਕਿ ਉਸਨੇ ਇੱਕ ਤੋਂ ਦੂਜੇ ਕਿਰਦਾਰ ਵਿੱਚ ਢਲਣ ਲਈ ਰੌਸ਼ਨੀ ਦੇ ਫੇਡ ਆਊਟ ਦਾ ਵੀ ਇਸਤੇਮਾਲ ਨਹੀਂ ਕੀਤਾ ਗਿਆ। ਇੱਕ ਚੁੰਨੀ ਬਦਲਦੇ ਹੀ ਨਵਾਂ ਕਿਰਦਾਰ ਸਾਹਮਣੇ ਆ ਜਾਂਦਾ ਸੀ ਅਤੇ ਪਹਿਲੀ ਚੁੰਨੀ ਸਵਾਲ ਬਣਕੇ ਹਵਾ ਵਿੱਚ ਲਟਕ ਜਾਂਦੀ ਸੀ। ਨਾਟਕ ਦਾ ਸਿਖ਼ਰ ਸਵਾਲਾਂ ਦੇ ਰੂਪ ਵਿੱਚ ਹੁੰਦਾ ਹੈ, ਜਿਨ੍ਹਾਂ ਦੇ ਹੱਲ ਦਰਸ਼ਕ ਵਰਗ ‘ਤੇ ਛੱਡ ਦਿੱਤੇ ਗਏ ਹਨ।
ਇਸ ਨਾਟਕ ਦਾ ਸੈੱਟ ਲੱਖਾ ਲਹਿਰੀ ਨੇ ਤਿਆਰ ਕੀਤਾ ਸੀ। ਇਸਦਾ ਸੰਗੀਤ ਦਿਲਖੁਸ਼ ਥਿੰਦ ਦਾ ਸੀ, ਜਿਸਨੂੰ ਸੁਮੀਤ ਸੇਖਾ ਆਪਰੇਟ ਕਰ ਰਹੇ ਸਨ। ਇਸਦੀ ਲਾਈਟਿੰਗ ਕਰਨ ਗੁਲਜ਼ਾਰ ਕਰ ਕਰ ਰਹੇ ਸਨ।
