ਬ੍ਰਿਟਿਸ਼ ਐਥਲੀਟ ਜੈਕ ਫੈਂਟ ਪਹੁੰਚੇ ਮੋਹਾਲੀ, ਪੇਰਾਗੋਂ ਸਕੂਲ ‘ਚ ਦਿੱਤਾ ਹੌਸਲੇ ਦਾ ਸੁਨੇਹਾ
Mohali ਮੋਹਾਲੀ, ਸਤੰਬਰ 18
Jack Faint reach Mohali: ਜ਼ਿੰਦਗੀ ਦੇ ਸਭ ਤੋਂ ਕਠਿਨ ਪਲਾਂ ‘ਚ ਵੀ ਸਕਾਰਾਤਮਕ ਰਹਿਣ ਅਤੇ ਹੌਸਲਾ ਨਹੀਂ ਹਾਰਣ ਦਾ ਸੁਨੇਹਾ ਦੇਣ ਲਈ ਮਸ਼ਹੂਰ ਬ੍ਰਿਟਿਸ਼ ਐਂਡਿਊਰੈਂਸ ਐਥਲੀਟ ਜੈਕ ਫੈਂਟ ਅੱਜ ਪਰਾਗਨ ਸੀਨੀਅਰ ਸੈਕੰਡਰੀ ਸਕੂਲ, ਸੈਕਟਰ–69 ਮੋਹਾਲੀ ਪਹੁੰਚੇ। ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੇ ਆਪਣੇ ਜੀਵਨ ਸੰਘਰਸ਼ ਦੀ ਪ੍ਰੇਰਕ ਕਹਾਣੀ ਸਾਂਝੀ ਕੀਤੀ।
ਜੈਕ ਫੈਂਟ ਇਸ ਵੇਲੇ ਇਕ ਅਸਧਾਰਣ ਯਾਤਰਾ ‘ਤੇ ਹਨ—ਉਹ ਹਰ ਰੋਜ਼ 50 ਕਿਲੋਮੀਟਰ ਦੌੜਦੇ ਹੋਏ 80 ਦਿਨਾਂ ‘ਚ ਭਾਰਤ ਦੀ ਉੱਤਰ ਤੋਂ ਦੱਖਣ ਤੱਕ ਦੀ ਲੰਬਾਈ ਤੈਅ ਕਰ ਰਹੇ ਹਨ। ਇਹ ਦੌੜ ਸਿਆਚਿਨ ਬੇਸ ਕੈਂਪ ਤੋਂ ਕਨਿਆਕੁਮਾਰੀ ਤੱਕ ਲਗਭਗ 4,000 ਕਿਲੋਮੀਟਰ ਦਾ ਸਫ਼ਰ ਹੈ, ਜਿਸਦਾ ਮਕਸਦ ਲੋਕਾਂ ਵਿੱਚ ਮਾਨਸਿਕ ਮਜ਼ਬੂਤੀ, ਧੀਰਜ ਅਤੇ ਹੌਸਲੇ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।
ਛੇ ਸਾਲ ਪਹਿਲਾਂ ਜੈਕ ਨੂੰ 25 ਸਾਲ ਦੀ ਉਮਰ ‘ਚ ਟਰਮੀਨਲ ਬ੍ਰੇਨ ਟਿਊਮਰ ਦੀ ਪਛਾਣ ਹੋਈ ਸੀ। ਡਿਪ੍ਰੈਸ਼ਨ ਅਤੇ ਨਸ਼ੇ ਨਾਲ ਜੰਗ ਲੜਦੇ ਹੋਏ ਉਨ੍ਹਾਂ ਨੇ ਯਾਤਰਾ, ਯੋਗਾ, ਧਿਆਨ ਅਤੇ ਸ਼ਰੀਰਕ ਗਤੀਵਿਧੀਆਂ ਰਾਹੀਂ ਜੀਵਨ ਨੂੰ ਨਵੀਂ ਦਿਸ਼ਾ ਦਿੱਤੀ। ਜੈਕ ਦਾ ਕਹਿਣਾ ਹੈ ਕਿ ਭਾਰਤ ਨੇ ਉਨ੍ਹਾਂ ਨੂੰ ਜੀਵਨ ਦੇ ਅਸਲ ਮਤਲਬ ਸਮਝਣ ਵਿੱਚ ਵੱਡਾ ਯੋਗਦਾਨ ਦਿੱਤਾ।
ਇਸ ਮੁਹਿੰਮ ਨੂੰ ਆਤਮਕ ਆਸ਼ੀਰਵਾਦ ਹੰਸਾਲੀ ਵਾਲੇ ਬਾਬਾ ਜੀ ਸੰਤ ਬਾਬਾ ਪਰਮਜੀਤ ਸਿੰਘ ਜੀ ਅਤੇ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਦਾ ਪ੍ਰਾਪਤ ਹੈ। ਸਕੂਲ ਪ੍ਰਬੰਧਨ ਨੇ ਵੀ ਜੈਕ ਦੇ ਇਸ ਹੌਸਲੇ ਨੂੰ ਸਲਾਮ ਕਰਦਿਆਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੰਦੇਸ਼ ਤੋਂ ਪ੍ਰੇਰਿਤ ਹੋਣ ਲਈ ਉਤਸ਼ਾਹਿਤ ਕੀਤਾ।
ਜੈਕ ਨੇ ਸੰਬੋਧਨ ਕਰਦਿਆਂ ਕਿਹਾ ਕਿ “ਜੀਵਨ ਦੇ ਸਭ ਤੋਂ ਮੁਸ਼ਕਲ ਹਾਲਾਤਾਂ ਵਿੱਚ ਵੀ ਆਸ ਨਹੀਂ ਛੱਡਣੀ ਚਾਹੀਦੀ। ਮਨੁੱਖੀ ਹੌਸਲਾ ਸਭ ਤੋਂ ਵੱਡੀ ਤਾਕਤ ਹੈ।”
ਇਹ ਵਿਲੱਖਣ ਦੌੜ ਦੁਨੀਆ ਭਰ ਵਿੱਚ ਲੋਕਾਂ ਨੂੰ ਪ੍ਰੇਰਿਤ ਕਰ ਰਹੀ ਹੈ ਅਤੇ ਇਕ ਸੁਨੇਹਾ ਦੇ ਰਹੀ ਹੈ ਕਿ ਹਿੰਮਤ, ਧੀਰਜ ਅਤੇ ਸਕਾਰਾਤਮਕ ਸੋਚ ਨਾਲ ਹਰ ਮੁਸ਼ਕਲ ਨੂੰ ਜਿੱਤਿਆ ਜਾ ਸਕਦਾ ਹੈ।
