ਅਕਾਲੀ ਦਲ ਨੇ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਤੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਚੰਡੀਗੜ੍ਹ ਵਿਚ ਮੰਤਰੀਆਂ ਲਈ ਬਣੀਆਂ ਸਰਕਾਰੀ ਕੋਠੀਆਂ ਦੀ ਦੁਰਵਰਤੋਂ ਬੇਨਕਾਬ ਕੀਤੀ ਤੇ ਦੋਹਾਂ ਆਗੂਆਂ ਨੂੰ ਕਿਹਾ ਕਿ ਪੰਜਾਬੀ ਜਵਾਬ ਚਾਹੁੰਦੇ ਹਨ ਕਿ ਪੰਜਾਬ ਸਰਕਾਰ ਦੀ ਕੋਠੀ ਵਿਚ ਬੈਠ ਕੇ ਆਪ ਹਰਿਆਣਾ ਦੇ ਆਗੂ ਪੰਜਾਬ ’ਚ ਐਸ ਵਾਈ ਐਲ ਦੀ ਉਸਾਰੀ ਦੀ ਮੰਗ ਕਿਵੇਂ ਕਰ ਸਕਦੇ ਹਨ ?
ਅੱਜ ਸੈਕਟਰ 39 ਵਿਚ ਬਣੀਆਂ ਕੋਠੀਆਂ ਵਿਚੋਂ ਕੋਠੀ ਨੰਬਰ 964 ਜੋ ਐਸ ਏ ਐਸ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਦੇ ਨਾਂ ’ਤੇ ਮੁੱਖ ਮੰਤਰੀ ਪੂਲ ਵਿਚੋਂ ਅਲਾਟ ਹੈ, ਦੇ ਸਾਹਮਣੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬੀ ਇਹ ਵੇਖ ਕੇ ਹੱਕੇ ਬੱਕੇ ਹਨ ਕਿ ਆਪ ਹਰਿਆਣਾ ਦੀ ਪ੍ਰਚਾਰ ਕਮੇਟੀ ਦੇ ਚੇਅਰਮੈਨ ਡਾ. ਅਸ਼ੋਕ ਤੰਵਰ, ਸੀਨੀਅਰ ਮੀਤ ਪ੍ਰਧਾਨ ਅਨੁਰਾਗ ਢਾਂਡਾ ਤੇ ਮੀਤ ਪ੍ਰਧਾਨ ਚਿੱਤਰਾ ਸਰਵਰਾ ਨੇ ਇਸ ਕੋਠੀ ਵਿਚ ਪ੍ਰੈਸ ਕਾਨਫਰੰਸ ਕਰ ਕੇ ਮੰਗ ਕੀਤੀ ਕਿ ਪੰਜਾਬ ਵਿਚ ਐਸ ਵਾਈ ਐਲ ਦੀ ਉਸਾਰੀ ਕਰਵਾਈ ਜਾਵੇ ਅਤੇ ਇਹਨਾਂ ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਇਹ ਯਕੀਨੀ ਬਣਾਉਣਗੇ ਕਿ ਨਹਿਰ ਦੀ ਉਸਾਰੀ ਹੋਵੇ ਤੇ ਹਰਿਆਣਾ ਨੂੰ ਪਾਣੀ ਸਪਲਾਈ ਹੋਵੇ।
ਸਰਦਾਰ ਮਜੀਠੀਆ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਮੀਡੀਆ ਨੂੰ ਸੁਨੇਹੇ ਲਗਾ ਕੇ ਦੱਸਿਆ ਗਿਆ ਕਿ ਇਸ ਕੋਠੀ ਵਿਚ 5 ਅਕਤੂਬਰ ਨੂੰ ਦੁਪਹਿਰ 12.00 ਵਜੇ ਪ੍ਰੈਸ ਕਾਨਫਰੰਸ ਹੋਵੇਗੀ ਜਿਸਨੂੰ ਆਪ ਹਰਿਆਣਾ ਲੀਡਰਸ਼ਿਪ ਸੰਬੋਧਨ ਕਰੇਗੀ ਅਤੇ ਇਸਦੇ ਨਾਲ ਲੱਗਦੀ ਕੋਠੀ ਨੰਬਰ 965 ਜਿਸਨੂੰ ਆਮ ਆਦਮੀ ਪਾਰਟੀ ਪੰਜਾਬ ਦਾ ਮੁੱਖ ਦਫਤਰ ਐਲਾਨਿਆ ਗਿਆ ਹੈ, ਵਿਚ 5 ਅਕਤੂਬਰ ਨੂੰ 1.00 ਵਜੇ ਪ੍ਰੈਸ ਕਾਨਫਰੰਸ ਹੋਵੇਗੀ ਜਿਸਨੂੰ ਆਪ ਪੰਜਾਬ ਲੀਡਰਸ਼ਿਪ ਸੰਬੋਧਨ ਕਰੇਗੀ। ਉਹਨਾਂ ਕਿਹਾ ਕਿ ਇਹ ਕੋਠੀ ਵੀ ਮੁੱਖ ਮੰਤਰੀ ਪੂਲ ਵਿਚੋਂ ਡੇਰਾ ਬੱਸੀ ਦੇ ਵਿਧਾਇਕ ਕੁਲਤਾਰ ਸਿੰਘ ਦੇ ਨਾਂ ’ਤੇ ਅਲਾਟ ਹੋਈ ਹੈ।
ਉਹਨਾਂ ਕਿਹਾ ਕਿ ਪੰਜਾਬੀ ਆਪ ਦਾ ਵਤੀਰਾ ਵੇਖ ਕੇ ਹੈਰਾਨ ਹਨ ਤੇ ਮਹਿਸੂਸ ਕਰ ਰਹੇ ਹਨ ਕਿ ਉਹ ਪੰਜਾਬ ਦੀ ਦਿਨ ਦਿਹਾੜੇ ਲੁੱਟ ਕਰਨ ’ਤੇ ਲੱਗੀ ਹੈ। ਉਹਨਾਂ ਕਿਹਾ ਕਿ ਭਾਵੇਂ ਅਰਵਿੰਦ ਕੇਜਰੀਵਾਲ ਤੇ ਐਮ ਪੀ ਸੁਸ਼ੀਲ ਗੁਪਤਾ ਪਹਿਲਾਂ ਹੀ ਹਰਿਆਣਾ ਨੂੰ ਗਰੰਟੀ ਦੇ ਚੁੱਕੇ ਹਨ ਕਿ 2024 ਵਿਚ ਹਰਿਆਣਾ ਵਿਚ ਆਪ ਸਰਕਾਰ ਬਣਨ ’ਤੇ ਐਸ ਵਾਈ ਐਲ ਦਾ ਪਾਣੀ ਹਰਿਆਣਾ ਦੇ ਕੋਨੇ ਕੋਨੇ ਵਿਚ ਪਹੁੰਚਾਇਆ ਜਾਵੇਗਾ ਪਰ ਭਗਵੰਤ ਮਾਨ ਨੇ ਤਾਂ ਪੰਜਾਬ ਦਾ ਹਰ ਹਿੱਸਾ ਪੰਜਾਬ ਦੀਆਂ ਸਰਕਾਰੀ ਇਮਾਰਤਾਂ, ਕੋਠੀਆਂ, ਸਰਕਾਰੀ ਖ਼ਜ਼ਾਨਾ ਤੇ ਸਾਰੇ ਸਰੋਤ ਇਕ ਵੱਡੀ ਸਾਜ਼ਿਸ਼ ਤਹਿਤ ਆਪ ਹਰਿਆਣਾ ਲੀਡਰਸ਼ਿਪ ਨੂੰ ਲੁੱਟ ਵਾਸਤੇ ਪ੍ਰਦਾਨ ਕਰ ਦਿੱਤੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫੇ ਦੀ ਮੰਗ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਪੰਜਾਬੀ ਹੁਣ ਉਹਨਾਂ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦੇ ਤੇ ਉਹ ਇਹ ਕੋਠੀਆਂ ਮੁੱਖ ਮੰਤਰੀ ਪੂਲ ਵਿਚੋਂ ਅਲਾਟ ਕਰਨ ਵਾਸਤੇ ਤੁਰੰਤ ਅਸਤੀਫਾ ਦੇਣ।