ਲੋਕਾਂ ਨੂੰ ਨਹੀਂ ਮਿਲ ਰਹੇ ਸਲਾਟ, 31 ਮਾਰਚ ਤੱਕ ਵਧਾਈ ਜਾਵੇ ਅੰਤਿਮ ਤਰੀਕ : ਡਿਪਟੀ ਮੇਅਰ
ਮੋਹਾਲੀ: ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਸਰਕਾਰ ਤੋਂ ਬੇਨਤੀ ਕੀਤੀ ਹੈ ਕਿ ਬਿਨਾਂ ਐਨਓਸੀ (ਨੋ ਅਬਜੈਕਸ਼ਨ ਸਰਟੀਫਿਕੇਟ) ਰਜਿਸਟਰੀਆਂ ਕਰਨ ਦੀ ਅੰਤਰਿਮ ਮਿਆਦ 28 ਫਰਵਰੀ ਤੋਂ ਵਧਾ ਕੇ 31 ਮਾਰਚ 2025 ਤੱਕ ਕੀਤੀ ਜਾਵੇ। ਉਨ੍ਹਾਂ ਦਾਅਵਾ ਕੀਤਾ ਕਿ ਮੋਹਾਲੀ ਸਮੇਤ ਪੂਰੇ ਪੰਜਾਬ ਵਿੱਚ ਇਸ ਸੰਬੰਧੀ ਸਲਾਟਾਂ ਦੀ ਭਾਰੀ ਕਮੀ ਆ ਗਈ ਹੈ, ਜਿਸ ਕਰਕੇ ਲੋਕ ਰਜਿਸਟਰੀਆਂ ਕਰਵਾਉਣ ਲਈ ਪਰੇਸ਼ਾਨ ਹੋ ਰਹੇ ਹਨ।
ਡਿਪਟੀ ਮੇਅਰ ਨੇ ਦੱਸਿਆ ਕਿ ਲੋਕ ਰਜਿਸਟਰੀ ਕਰਵਾਉਣ ਲਈ ਆਨਲਾਈਨ ਅਪਾਇੰਟਮੈਂਟ ਲੈਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ 28 ਫਰਵਰੀ ਤੋਂ ਚਾਰ ਦਿਨ ਪਹਿਲਾਂ ਹੀ ਸਾਰੇ ਸਲਾਟ ਭਰ ਗਏ ਹਨ। ਤਹਿਸੀਲਦਾਰ ਦਫ਼ਤਰਾਂ ‘ਚ ਲੰਬੀਆਂ ਲਾਈਨਾਂ ਲੱਗ ਰਹੀਆਂ ਹਨ, ਪਰ ਜ਼ਿਆਦਾ ਲੋੜ ਹੋਣ ਦੇ ਬਾਵਜੂਦ ਸਰਕਾਰ ਵਾਧੂ ਸਲਾਟਾਂ ਦੀ ਵਿਵਸਥਾ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਲੋਕਾਂ ਨੂੰ ਸਹੂਲਤ ਦੇਣ ਦੀ ਥਾਂ ਇੰਜ ਜਾਪਦਾ ਹੈ ਕਿ ਉਹਨਾਂ ਨਾਲ ਮਜ਼ਾਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਤਹਿਸੀਲਦਾਰ ਅਤੇ ਹੋਰ ਅਧਿਕਾਰੀ ਕਈ ਵਾਰ ਮੀਟਿੰਗਾਂ ਵਿੱਚ ਵਿਅਸਤ ਰਹਿੰਦੇ ਹਨ ਜਾਂ ਦਫ਼ਤਰ ਤੋਂ ਬਾਹਰ ਹੋਣ ਕਰਕੇ ਕਈ ਆਉਣ ਵਾਲੇ ਲੋਕਾਂ ਦੀ ਰਜਿਸਟਰੀ ਹੋਣ ਤੋਂ ਰਹਿ ਜਾਂਦੀ ਹੈ। ਜੇਕਰ ਸਰਕਾਰ ਸਹੀ ਮਾਇਨਿਆਂ ‘ਚ ਲੋਕ ਭਲਾਈ ਚਾਹੁੰਦੀ ਹੈ, ਤਾਂ ਇਸ ਮਿਆਦ ਨੂੰ 31 ਮਾਰਚ 2025 ਤੱਕ ਵਧਾਇਆ ਜਾਵੇ।
ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਜੇਕਰ ਰਜਿਸਟਰੀਆਂ ਦੀ ਮਿਆਦ ਵਧਾਈ ਜਾਂਦੀ ਹੈ, ਤਾਂ ਇਹ ਸਰਕਾਰ ਅਤੇ ਲੋਕ ਦੋਵਾਂ ਲਈ ਫਾਇਦੇਮੰਦ ਹੋਵੇਗਾ। ਸਰਕਾਰ ਨੂੰ ਵੱਧ ਤੋਂ ਵੱਧ ਰਵੈਨਿਊ ਮਿਲੇਗਾ ਅਤੇ ਲੋਕ ਆਸਾਨੀ ਨਾਲ ਆਪਣੀਆਂ ਜਾਇਦਾਦਾਂ ਦੀ ਰਜਿਸਟਰੀ ਕਰਵਾ ਸਕਣਗੇ। ਜੇਕਰ ਮਿਆਦ ਨਹੀਂ ਵਧਾਈ ਜਾਂਦੀ, ਤਾਂ ਘੱਟੋ-ਘੱਟ ਵਾਧੂ ਕਰਮਚਾਰੀ ਅਤੇ ਅਧਿਕਾਰੀ ਲਗਾ ਕੇ ਸਾਰੇ ਲੋਕਾਂ ਦੀ ਰਜਿਸਟਰੀ ਪੱਕੀ ਕਰਨ ਦੀ ਵਿਵਸਥਾ ਕੀਤੀ ਜਾਵੇ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਨੇ ਤੁਰੰਤ ਮਿਆਦ ਵਧਾਉਣ ਬਾਰੇ ਫੈਸਲਾ ਨਾ ਕੀਤਾ, ਤਾਂ ਲੋਕਾਂ ਦੀ ਨਾਰਾਜ਼ਗੀ ਵਧੇਗੀ ਅਤੇ ਉਹਨਾਂ ਪ੍ਰਤੀਕਰਮ ਦੇ ਤੌਰ ‘ਤੇ ਸਰਕਾਰ ਵਿਰੁੱਧ ਅੰਦੋਲਨ ਵੀ ਕਰ ਸਕਦੇ ਹਨ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੰਗ ਕੀਤੀ ਕਿ ਬਿਨਾਂ ਐਨਓਸੀ ਰਜਿਸਟਰੀਆਂ ਦੀ ਮਿਆਦ 31 ਮਾਰਚ 2025 ਤੱਕ ਵਧਾਈ ਜਾਵੇ। ਵਾਧੂ ਕਰਮਚਾਰੀ ਅਤੇ ਅਧਿਕਾਰੀ ਤਹਿਸੀਲ ਦਫ਼ਤਰਾਂ ‘ਚ ਤਾਇਨਾਤ ਕੀਤੇ ਜਾਣ ਅਤੇ ਜਿੰਨਾ ਹੋ ਸਕੇ, ਹੋਰ ਨਵੇਂ ਸਲਾਟ ਖੋਲ੍ਹੇ ਜਾਣ ਤਾਂ ਜੋ ਲੋਕ ਆਸਾਨੀ ਨਾਲ ਆਪਣੀ ਰਜਿਸਟਰੀ ਕਰਵਾ ਸਕਣ।
