ਐਸ.ਏ.ਐਸ.ਨਗਰ :
ਮੇਰੀ ਮਿੱਟੀ ਮੇਰਾ ਦੇਸ਼ ਮੁਹਿੰਮ ਤਹਿਤ ਨਗਰ ਨਿਗਮ ਮੋਹਾਲੀ ਵੱਲੋਂ ਕੱਢੀ ਗਈ ਅੰਮ੍ਰਿਤ ਕਲਸ਼ ਯਾਤਰਾ ਵਿੱਚ ਸਮੂਹ ਯੂ.ਐਲ.ਬੀ. (ਸ਼ਹਿਰੀ ਸਥਾਨਕ ਸੰਸਥਾਵਾਂ) ਭਾਗੀਦਾਰਾਂ ਨੇ ਆਪਣੇ-ਆਪਣੇ ਖੇਤਰ ਵਿੱਚੋਂ ਮਿੱਟੀ ਅਤੇ ਚੌਲਾਂ ਦੇ ਦਾਣੇ ਕਲਸ਼ ਵਿੱਚ ਇਕੱਠਾ ਕਰਕੇ ਨਗਰ ਨਿਗਮ ਦਫ਼ਤਰ ਵਿੱਚ ਲਿਆਂਦੇ, ਜਿੱਥੇ ਕਲਸ਼ ਦੇ ਡੱਬਿਆਂ ਨੂੰ ਇੱਕ ਸਾਂਝੇ ਸਮਾਰੋਹ ਵਿੱਚ ਖੋਲ੍ਹਿਆ ਗਿਆ।
ਨਗਰ ਨਿਗਮ ਦਫ਼ਤਰ ਵਿਖੇ ਸਮੂਹ ਨਗਰ ਕੌਂਸਲਾਂ ਵੱਲੋਂ ਆਪੋ ਆਪਣੇ ਕਲਸ਼ ਵਿੱਚ ਇਕੱਠੀ ਕੀਤੀ ਮਿੱਟੀ ਨੂੰ ਰਸਮੀ ਤੌਰ ‘ਤੇ ਮਿਲਾਇਆ ਗਿਆ। ਇਸ ਮੁਹਿੰਮ ਨੇ ਪਵਿੱਤਰ ਮਿੱਟੀ ਅਤੇ ਚੌਲਾਂ ਦੇ ਦਾਣੇ ਇਕੱਠੇ ਕਰਨ ਲਈ ਸਮੂਹ ਭਾਗੀਦਾਰਾਂ ਨੂੰ ਇਕੱਠੇ ਕਰਕੇ ਇੱਕ ਲੜੀ ਚ ਪ੍ਰੋਇਆ, ਜੋ ਕਿ ਜ਼ਿਲ੍ਹੇ ਦੀ ਏਕਤਾ ਅਤੇ ਵਾਤਾਵਰਣ ਸੰਭਾਲ ਪ੍ਰਤੀ ਵਚਨਬੱਧਤਾ ਦੇ ਪ੍ਰਤੀਕ ਵਜੋਂ ਉਭਰਿਆ।
ਇਸ ਪਵਿੱਤਰ ਰਸਮ ਤੋਂ ਬਾਅਦ, ਮਿਸ਼ਰਤ ਮਿੱਟੀ ਨੂੰ ਬਹੁਤ ਹੀ ਸਾਵਧਾਨੀ ਨਾਲ ਧਾਤ ਦੇ ਭਾਂਡਿਆਂ “ਗਾਗਰਾਂ” ਵਿੱਚ ਰੱਖਿਆ ਗਿਆ। ਇਨ੍ਹਾਂ ਗਾਗਰਾਂ ਨੂੰ ਬਾਅਦ ਵਿੱਚ ਸੀਲ ਕਰ ਦਿੱਤਾ ਗਿਆ, ਜੋ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਅਤੇ ਸਾਡੇ ਸਾਂਝੇ ਭਵਿੱਖ ਨੂੰ ਸੰਭਾਲਣ ਦੀ ਵਚਨਬੱਧਤਾ ਦਾ ਪ੍ਰਤੀਕ ਬਣੇਗੀ।
ਸਹਾਇਕ ਕਮਿਸ਼ਨਰ, ਨਗਰ ਨਿਗਮ ਮੋਹਾਲੀ, ਮਨਪ੍ਰੀਤ ਸਿੰਘ, ਨੇ ਆਪਣਾ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ, “ਇਹ ਸਮਾਗਮ ਏਕਤਾ, ਪਰੰਪਰਾ ਅਤੇ ਚਿਰ ਸਥਾਈ ਜੀਵਨ ਦੀ ਭਾਵਨਾ ਨੂੰ ਦਰਸਾਉਂਦਾ ਹੈ। ਜ਼ਿਲ੍ਹੇ ਦੀਆਂ ਸਾਰੀਆਂ ਸਥਾਨਕ ਸ਼ਹਿਰੀ ਸੰਸਥਾਵਾਂ ਇੱਕ ਖੁਸ਼ਹਾਲ, ਸਿਹਤਮੰਦ ਭਵਿੱਖ ਲਈ ਆਪਣੀ ਵਚਨਬੱਧਤਾ ਦੇ ਪ੍ਰਗਟਾਵੇ ਲਈ ਇਕੱਠੀਆਂ ਹੋਈਆਂ ਹਨ।”
ਕਮਿਸ਼ਨਰ, ਸ਼੍ਰੀਮਤੀ ਨਵਜੋਤ ਕੌਰ ਨੇ ਕਿਹਾ, “ਅੰਮ੍ਰਿਤ ਕਲਸ਼ ਯਾਤਰਾ ਇਸ ਗੱਲ ਦੀ ਉਦਾਹਰਣ ਪੇਸ਼ ਕਰਦੀ ਹੈ ਕਿ ਕਿਵੇਂ ਸਥਾਨਕ ਭਾਈਚਾਰੇ ਇੱਕ ਸਾਂਝੇ ਉਦੇਸ਼ ਲਈ ਇੱਕਜੁੱਟ ਹੋ ਸਕਦੇ ਹਨ ਅਤੇ ਆਧੁਨਿਕ ਵਾਤਾਵਰਣਕ ਕਦਰਾਂ-ਕੀਮਤਾਂ ਨੂੰ ਅਪਣਾਉਂਦੇ ਹੋਏ ਆਪਣੀ ਵਿਰਾਸਤ ਨੂੰ ਸੰਭਾਲ ਸਕਦੇ ਹਨ।”