ਆਪ ਸਰਕਾਰ ਨੇ ਕਿਸਾਨ ਆਗੂਆਂ ਦੀ ਗ੍ਰਿਫਤਾਰੀ ਨਾਲ ਅਣਐਲਾਨੀ ਐਮਰਜੰਸੀ ਲਗਾਈ: ਅਕਾਲੀ ਦਲ
ਆਪ ਸਰਕਾਰ ਕਿਸਾਨਾਂ ਨਾਲ ਕੀਤੇ ਸਾਰੇ ਵਾਅਦਿਆਂ ਤੋਂ ਭੱਜੀ: ਐਨ ਕੇ ਸ਼ਰਮਾ, ਰਣਜੀਤ ਸਿੰਘ ਗਿੱਲ, ਪਰਮਿੰਦਰ ਸਿੰਘ ਸੋਹਣਾ
ਮੁਹਾਲੀ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਕਿਸਾਨ ਆਗੂਆਂ ਦੀ ਗ੍ਰਿਫਤਾਰੀ ਕਰ ਕੇ ਤੇ ਉਹਨਾਂ ਨੂੰ ਘਰਾਂ ਵਿਚ ਨਜ਼ਰਬੰਦ ਕਰ ਕੇ ਅਣਐਲਾਨੀ ਐਮਰਜੰਸੀ ਇਸ ਕਰ ਕੇ ਲਗਾ ਦਿੱਤੀ ਹੈ ਕਿਉਂਕਿ ਕਿਸਾਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ 2022 ਵਿਚ ਸੂਬੇ ਦੀ ਵਾਗਡੋਰ ਸੰਭਾਲਣ ਵੇਲੇ ਕਿਸਾਨਾਂ ਨਾਲ ਵਾਅਦੇ ਚੇਤੇ ਕਰਵਾਏ ਸਨ।
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਆਗੂ ਸ੍ਰੀ ਐਨ ਕੇ ਸ਼ਰਮਾ, ਸਰਦਾਰ ਰਣਜੀਤ ਸਿੰਘ ਗਿੱਲ ਅਤੇ ਸਰਦਾਰ ਪਰਮਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਗੱਲਬਾਤ ਲਈ ਸੱਦ ਕੇ ਉਹਨਾਂ ਨੂੰ ਜ਼ਲੀਲ ਕੀਤਾ ਤੇ ਧਮਕੀਆਂ ਦਿੱਤੀਆਂ। ਉਹਨਾਂ ਕਿਹਾ ਕਿ ਬਜਾਏ ਕਿਸਾਨਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦੇ ਮੁੱਖ ਮੰਤਰੀ ਨੂੰ ਜਦੋਂ ਕਿਸਾਨਾਂ ਨੇ ਉਹਨਾਂ ਅਤੇ ਉਹਨਾਂ ਦੇ ਆਕਾ ਅਰਵਿੰਦ ਕੇਜਰੀਵਾਲ ਵੱਲੋਂ 2022 ਵਿਚ ਕੀਤੇ ਵਾਅਦੇ ਚੇਤੇ ਕਰਵਾਏ ਤਾਂ ਮੁੱਖ ਮੰਤਰੀ ਮੀਟਿੰਗ ਅੱਧ ਵਿਚਾਲੇ ਛੱਡ ਕੇ ਭੱਜ ਗਏ।
ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਆਪ ਸਰਕਾਰ ਕਿਸਾਨਾਂ ਨਾਲ ਕੀਤੇ ਸਾਰੇ ਵਾਅਦਿਆਂ ਤੋਂ ਭੱਜ ਗਈ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੇ ਨਾਲ-ਨਾਲ ਅਰਵਿੰਦ ਕੇਜਰੀਵਾਲ ਨੇ ਵੀ ਨਾ ਸਿਰਫ ਸਾਰੀਆਂ 22 ਫਸਲਾਂ ਐਮ ਐਸ ਪੀ ’ਤੇ ਖਰੀਦਣ ਦਾ ਵਾਅਦਾ ਕੀਤਾ ਸੀ ਬਲਕਿ ਕਿਸਾਨਾਂ ਨੂੰ ਦਾਲਾਂ ਤੇ ਮੱਕੀ ਬੀਜਣ ਲਈ ਉਤਸ਼ਾਹਿਤ ਕੀਤਾ ਤੇ ਵਾਅਦਾ ਕੀਤਾ ਸੀ ਕਿ ਇਹਨਾਂ ਦੀ ਐਮ ਐਸ ਪੀ ’ਤੇ ਖਰੀਦ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜਿਹੜੇ ਕਿਸਾਨਾਂ ਨੇ ਆਪ ਆਗੂਆਂ ’ਤੇ ਵਿਸ਼ਵਾਸ ਕੀਤਾ, ਉਹਨਾਂ ਨੇ ਸੈਂਕੜੇ ਕਰੋੜ ਰੁਪਏ ਦਾ ਨੁਕਸਾਨ ਝੱਲਿਆ ਕਿਉਂਕਿ ਆਪ ਸਰਕਾਰ ਨੇ ਸਾਰੀ ਮੂੰਗੀ ਦੀ ਫਸਲ ਵਿਚੋਂ ਸਿਰਫ 0.01 ਫੀਸਦੀ ਹੀ ਐਮ ਐਸ ਪੀ ’ਤੇ ਖਰੀਦ ਕੀਤੀ।
ਇਹਨਾਂ ਆਗੂਆਂ ਨੇ ਕਿਹਾ ਕਿ ਜਿਹੜੇ ਕਿਸਾਨਾਂ ਨੂੰ ਪਿਛਲੇ ਦੋ ਸਾਲਾਂ ਵਿਚ ਹੜ੍ਹਾਂ ਕਾਰਣ ਵੱਡੇ ਨੁਕਸਾਨ ਝੱਲਣੇ ਪਏ, ਮੁੱਖ ਮੰਤਰੀ ਨੇ ਉਹਨਾਂ ਨੂੰ ਬੱਕਰੀਆਂ ਤੇ ਮੁਰਗੀਆਂ ਦਾ ਮੁਆਵਜ਼ਾ ਵੀ ਦੇਣ ਦਾ ਵਾਅਦਾ ਕਰ ਕੇ ਧੋਖਾ ਕੀਤਾ ਤੇ ਫਸਲਾਂ ਦਾ ਮੁਆਵਜ਼ਾ ਵੀ ਨਹੀਂ ਦਿੱਤਾ। ਉਹਨਾਂ ਕਿਹਾ ਕਿ ਇਸ ਮਗਰੋਂ ਅਨੇਕਾਂ ਵਾਰ ਕਿਸਾਨਾਂ ਨੂੰ ਮੌਸਮ ਦੀ ਮਾਰ ਪਈ ਪਰ ਉਹਨਾਂ ਨੂੰ ਆਪ ਸਰਕਾਰ ਤੋਂ ਕੋਈ ਮਦਦ ਨਹੀਂ ਮਿਲੀ।
ਇਹਨਾਂ ਆਗੂਆਂ ਨੇ ਕਿਹਾ ਕਿ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਮੇਸ਼ਾ ਆਪ ਆ ਕੇ ਕਿਸਾਨਾਂ ਦੇ ਨਾਲ-ਨਾਲ ਵਿਰੋਧੀ ਧਿਰ ਤੇ ਕਿਸਾਨ ਯੂਨੀਅਨਾਂ ਦੇ ਸਾਰੇ ਆਗੂਆਂ ਨੂੰ ਮਿਲਦੇ ਸਨ ਜਦੋਂ ਵੀ ਉਹਨਾਂ ਨੂੰ ਸਰਕਾਰ ਨਾਲ ਕੋਈ ਸ਼ਿਕਾਇਤ ਹੁੰਦੀ ਸੀ।
ਉਹਨਾਂ ਕਿਹਾ ਕਿ ਕਿਸਾਨ ਯੂਨੀਅਨਾਂ, ਸਾਰੀਆਂ ਯੂਨੀਅਨਾਂ ਤੇ ਐਸੋਸੀਏਸ਼ਨਾਂ ਗੱਲਬਾਤ ਰਾਹੀਂ ਮਸਲੇ ਹੱਲ ਕਰਵਾਉਂਦੀਆਂ ਸਨ ਜਿਸ ਸਦਕਾ ਸ਼ਾਂਤੀ ਤੇ ਖੁਸ਼ਹਾਲੀ ਆਈ।
ਇਸ ਦੌਰਾਨ ਸ੍ਰੀ ਐਨ ਕੇ ਸ਼ਰਮਾ ਤੇ ਸਰਦਾਰ ਰਣਜੀਤ ਗਿੱਲ ਨੇ ਮੁੱਖ ਮੰਤਰੀ ਵੱਲੋਂ ਤਹਿਸੀਲਾਂ ਦਾ ਦੌਰਾ ਕਰਨ ਨੂੰ ਕਿਸਾਨ ਆਗੂਆਂ ਦੀ ਗ੍ਰਿਫਤਾਰੀ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਤੇ ਤਸਵੀਰਾਂ ਖਿੱਚਵਾਉਣ ਦਾ ਸਟੰਟ ਕਰਾਰ ਦਿੱਤਾ। ਉਹਨਾਂ ਕਿਹਾ ਕਿ ਆਪ ਸਰਕਾਰ ਦੇ ਰਾਜ ਵਿਚ ਤਹਿਸੀਲਾਂ ਵਿਚ ਭ੍ਰਿਸ਼ਟਾਚਾਰ ਵਧਿਆ ਹੈ ਤੇ ਭ੍ਰਿਸ਼ਟਾਚਾਰ ਦਾ ਪੈਸਾ ਦਿੱਲੀ ਵਿਚ ਆਪ ਦੀ ਸਿਖ਼ਰਲੀ ਲੀਡਰਸ਼ਿਪ ਨੂੰ ਵੀ ਭੇਜਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹੀ ਹਾਲ ਸੂਬੇ ਵਿਚ ਨਸ਼ਿਆਂ ਦਾ ਹੈ ਤੇ ਆਪ ਆਗੂ ਨਸ਼ਾ ਤਸਕਰਾਂ ਤੋਂ ਮਹੀਨੇ ਲੈ ਰਹੇ ਹਨ ਤੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਦੀ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ।
ਕੀਤੀ ਜਾ ਰਹੀ ਹੈ।
