ਸਾਬਕਾ ਡੀ.ਆਈ.ਜੀ. ਇੰਦਰਜੀਤ ਸਿੰਘ ਸਿੱਧੂ ਨੇ ਚੰਡੀਗੜ੍ਹ ਦੀ ਸਫਾਈ ਲਈ ਬਣਾਇਆ ਮਿਸ਼ਨ, ਰੋਜ਼ ਸਵੇਰੇ ਕਰਦੇ ਨੇ ਸੜਕਾਂ ਤੋਂ ਕੂੜਾ ਇਕੱਠਾ
ਚੰਡੀਗੜ੍ਹ, 22 ਜੁਲਾਈ:
Retired DIG in Chandigarh; ਪੰਜਾਬ ਪੁਲਿਸ ਦੇ ਸਾਬਕਾ ਡੀ.ਆਈ.ਜੀ. ਇੰਦਰਜੀਤ ਸਿੰਘ ਸਿੱਧੂ, ਜੋ ਅੱਜ ਵੀ ਚੰਡੀਗੜ੍ਹ ਦੇ ਸੈਕਟਰ 49 ਦੀ ਆਈਏਐਸ/ਆਈਪੀਐਸ ਸੋਸਾਇਟੀ ਵਿੱਚ ਰਹਿੰਦੇ ਹਨ, ਸਵੇਰੇ 5 ਵਜੇ ਉੱਠ ਕੇ ਸੜਕਾਂ ‘ਤੇ ਕੂੜਾ ਚੁੱਕਦੇ ਹਨ। 1996 ਵਿੱਚ ਰਿਟਾਇਰ ਹੋਏ ਸਿੱਧੂ ਨੇ ਆਪਣੇ ਜੀਵਨ ਦਾ ਮਕਸਦ ਸਫਾਈ ਨੂੰ ਬਣਾ ਲਿਆ ਹੈ। ਉਨ੍ਹਾਂ ਨੇ ਆਖਿਆ ਕਿ “ਜਦ ਤਕ ਸਰੀਰ ਸਾਥ ਦੇਵੇਗਾ, ਮੈਂ ਇਹ ਕੰਮ ਕਰਦਾ ਰਹਾਂਗਾ।”

ਸਿੱਧੂ ਦੱਸਦੇ ਹਨ ਕਿ ਸਫਾਈ ਦੀ ਇਹ ਪ੍ਰੇਰਨਾ ਉਨ੍ਹਾਂ ਨੂੰ ਅਮਰੀਕਾ ਦੌਰੇ ਦੌਰਾਨ ਮਿਲੀ, ਜਦੋਂ ਉਨ੍ਹਾਂ ਨੇ ਗੱਡੀ ਤੋਂ ਕਾਗਜ਼ ਸੁੱਟਣ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਦੇ ਮਿਤਰ ਨੇ ਉਨ੍ਹਾਂ ਨੂੰ ਰੋਕ ਦਿੱਤਾ ਤੇ ਕਿਹਾ, “ਚਾਲਾਨ ਕਰਵਾਏਂਗੇ?” ਇਥੋਂ ਹੀ ਉਨ੍ਹਾਂ ਨੇ ਢ੍ਰਿੜ ਨਿਰਣਾ ਲਿਆ ਕਿ ਹੁਣ ਜਨਤਕ ਸਥਾਨਾਂ ਦੀ ਸਫਾਈ ਵੀ ਆਪਣੀ ਜ਼ਿੰਮੇਵਾਰੀ ਮੰਨਣੀ ਹੈ।
ਪਿਛਲੇ 3-4 ਸਾਲਾਂ ਤੋਂ ਉਹ ਇਕੱਲੇ ਹੀ ਸਫਾਈ ਦੀ ਇਹ ਜੰਗ ਲੜ ਰਹੇ ਹਨ। ਹਾਲਾਂਕਿ ਕਈ ਵਾਰ ਲੋਕ ਉਨ੍ਹਾਂ ਦਾ ਮਜ਼ਾਕ ਵੀ ਉਡਾਉਂਦੇ ਹਨ, ਕੂੜਾ ਉਨ੍ਹਾਂ ਦੇ ਸਾਹਮਣੇ ਸੁੱਟ ਦੇਂਦੇ ਹਨ, ਪਰ ਉਹ ਕਦੇ ਹੌਸਲਾ ਨਹੀਂ ਹਾਰਦੇ।
ਸਿੱਧੂ ਕਹਿੰਦੇ ਹਨ ਕਿ “ਚੰਡੀਗੜ੍ਹ ਨੂਂ ਸਿਟੀ ਬਿਊਟੀਫੁਲ ਕਿਹਾ ਜਾਂਦਾ ਹੈ, ਪਰ ਸਚ ਇਹ ਹੈ ਕਿ ਲੋਕਾਂ ਨੂੰ ਸਫਾਈ ਲਈ ਜ਼ਿੰਮੇਵਾਰ ਬਣਨ ਦੀ ਲੋੜ ਹੈ।”
ਇੰਦਰਜੀਤ ਸਿੱਧੂ, ਜੋ ਕਿ ਪੰਜਾਬ ਵਿੱਚ ਅੱਤਵਾਦ ਦੇ ਦੌਰਾਨ ਅੰਮ੍ਰਿਤਸਰ ‘ਚ ਐਸ.ਪੀ. ਸਿਟੀ ਰਹੇ, ਹੁਣ ਰਿਟਾਇਰਮੈਂਟ ਦੇ ਬਾਅਦ ਵੀ ਨਿਡਰਤਾ ਨਾਲ ਸਾਮਾਜਿਕ ਸੇਵਾ ਕਰ ਰਹੇ ਹਨ। ਉਨ੍ਹਾਂ ਦੇ ਕੰਮ ਤੇ ਸਮਰਪਣ ਨੇ ਸਾਬਤ ਕਰ ਦਿੱਤਾ ਕਿ ਸਫਾਈ ਸਿਰਫ ਨੌਕਰੀ ਨਹੀਂ, ਸੱਚਾ ਜਜ਼ਬਾ ਹੋਣਾ ਚਾਹੀਦਾ ਹੈ।




