ਸਰਕਾਰ ਅਤੇ ਸਰਕਾਰੀ ਅਫਸਰ ਜਦੋਂ ਲੋਕ ਹਿੱਤ ਦੇ ਫੈਸਲਿਆਂ ਤੋਂ ਬੇਮੁਖ ਹੁੰਦੇ ਹਨ ਤਾਂ ਖੜਕਾਉਣਾ ਪੈਂਦਾ ਹੈ ਅਦਾਲਤਾਂ ਦਾ ਦਰਵਾਜ਼ਾ : ਕੁਲਜੀਤ ਸਿੰਘ ਬੇਦੀ
ਮੋਹਾਲੀ: ਬਿਰਧ ਆਸ਼ਰਮ ਬਣਾਉਣ ਨੂੰ ਲੈ ਕੇ 10 ਸਾਲ ਤੱਕ ਕਨੂੰਨੀ ਸੰਘਰਸ਼ ਕਰਨ ਵਾਲੇ ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅੱਜਕੱਲ ਚਰਚਾ ਵਿੱਚ ਹਨ। ਪਹਿਲਾਂ ਸੀਨੀਅਰ ਸਿਟੀਜਨ ਐਸੋਸੀਏਸ਼ਨ ਵੱਲੋਂ ਉਹਨਾਂ ਨੂੰ ਇਸ ਪੱਖੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ ਅਤੇ ਹੁਣ ਫੇਜ਼ 10 ਵਿੱਚ ਸੀਨੀਅਰ ਕਾਂਗਰਸੀ ਆਗੂ ਬਾਲਾ ਸਿੰਘ ਰਾਘੋ ਦੀ ਅਗਵਾਈ ਹੇਠ ਸਿਲਵੀ ਪਾਰਕ ਵਿਖੇ ਕੁਲਜੀਤ ਸਿੰਘ ਬੇਦੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਲੱਡੂ ਵੰਡੇ ਗਏ।
ਇਸ ਮੌਕੇ ਬੋਲਦਿਆਂ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਲੋਕ ਹਿਤ ਦੇ ਮਸਲਿਆਂ ਦੇ ਹੱਲ ਲਈ ਲੜਾਈ ਲੜਦੇ ਆ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਹਮੇਸ਼ਾ ਸਰਕਾਰ ਅਤੇ ਸਰਕਾਰੀ ਅਫਸਰਾਂ ਨਾਲ ਤਾਲਮੇਲ ਕਰਕੇ ਪਹਿਲਾਂ ਇਸ ਪੱਧਰ ਤੇ ਮਸਲੇ ਹੱਲ ਕਰਵਾਉਣ ਦਾ ਯਤਨ ਕੀਤਾ ਹੈ ਪਰ ਜਦੋਂ ਸਰਕਾਰ ਜਾਂ ਸਰਕਾਰੀ ਅਫਸਰ ਲੋਕ ਹਿੱਤ ਵਿਚ ਫੈਸਲੇ ਨਹੀਂ ਲੈਂਦੇ ਤਾਂ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣ ਲਈ ਮਜਬੂਰ ਹੁੰਦੇ ਹਨ। ਉਹਨਾਂ ਕਿਹਾ ਕਿ ਇਸ ਕੰਮ ਲਈ ਪੈਸੇ ਅਤੇ ਸਮਾਂ ਦੋਵੇਂ ਖਰਚ ਹੁੰਦੇ ਹਨ ਪਰ ਉਹਨਾਂ ਨੇ ਕਦੇ ਇਸ ਦੀ ਪਰਵਾਹ ਨਹੀਂ ਕੀਤੀ ਅਤੇ ਮੋਹਾਲੀ ਸ਼ਹਿਰ ਦੇ ਵਸਨੀਕ ਹੋਣ ਦੇ ਨਾਤੇ ਉਹ ਮੋਹਾਲੀ ਦੇ ਲੋਕਾਂ ਦੇ ਦੁੱਖ ਦਰਦ ਦੂਰ ਕਰਨ ਲਈ ਹਮੇਸ਼ਾ ਤਤਪਰ ਰਹਿੰਦੇ ਹਨ।
ਇਸ ਮੌਕੇ ਬਾਲਾ ਸਿੰਘ ਰਾਘੋ ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਭਾਵੇਂ ਮੋਹਾਲੀ ਦੇ ਕਮਿਊਨਿਟੀ ਸੈਂਟਰਾਂ ਨੂੰ ਪੁਲਿਸ ਦੇ ਕਬਜ਼ੇ ਤੋਂ ਆਜ਼ਾਦ ਕਰਨ ਦੀ ਗੱਲ ਹੋਵੇ, ਭਾਵੇਂ ਮੋਹਾਲੀ ਨੂੰ ਕਜੌਲੀ ਵਾਟਰ ਵਰਕਸ ਤੋਂ 40 ਐਮਜੀਡੀ ਪਾਣੀ ਦਵਾਉਣ ਦੀ ਗੱਲ ਹੋਵੇ, ਭਾਵੇਂ ਫੇਜ਼ 3ਬੀ1 ਦੀ ਸਰਕਾਰੀ ਡਿਸਪੈਂਸਰੀ ਨੂੰ ਸ਼ਿਫਟ ਕਰਨ ਦੀ ਗੱਲ ਹੋਵੇ, ਹਰ ਤਰ੍ਹਾਂ ਦੇ ਲੋਕਹਿਤ ਦੇ ਮੁੱਦਿਆਂ ਲਈ ਸੰਘਰਸ਼ ਕਰਦੇ ਆ ਰਹੇ ਹਨ ਅਤੇ ਇਹਨਾਂ ਮੁੱਦਿਆਂ ਦਾ ਹੱਲ ਹੋਣ ਤੱਕ ਲਗਾਤਾਰ ਲੜਾਈ ਲੜਦੇ ਹਨ ਜੋ ਕਿ ਬਹੁਤ ਵੱਡੀ ਗੱਲ ਹੈ। ਉਹਨਾਂ ਕਿਹਾ ਕਿ ਅੱਜ ਪੂਰਾ ਸ਼ਹਿਰ ਕੁਲਜੀਤ ਸਿੰਘ ਬੇਦੀ ਦੇ ਨਾਲ ਖੜਾ ਹੈ।
ਇਸ ਮੌਕੇ ਦਲਜੀਤ ਸਿੰਘ, ਡੀ ਐਸ ਧਾਰੀਵਾਲ, ਕਰਨੈਲ ਸਿੰਘ, ਮੇਹਰ ਸਿੰਘ, ਨਿੱਕਾ ਸਿੰਘ, ਪ੍ਰੀਤਮ ਸਿੰਘ, ਜੇ ਐਸ ਖੋਖਰ, ਐਸ ਐਸ ਤੂਰ, ਅਵਤਾਰ ਸਿੰਘ ਪ੍ਰਦੇਸੀ, ਐਸ ਐਸ ਚਹਿਲ, ਐਸ ਐਸ ਧਨੋਆ, ਬੀ ਐਸ ਧਾਲੀਵਾਲ, ਇੰਦਰ ਪਾਲ ਸਿੰਘ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।